ਬੱਚਿਆਂ ਨਾਲ ਸਬੰਧਿਤ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਓਮ ਪ੍ਰਕਾਸ਼ ਐਸ.ਡੀ.ਐਮ. ਗਿੱਦੜਬਾਹਾ

ਗਿੱਦੜਬਾਹਾ:- ਗਿੱਦੜਬਾਹਾ ਦੇ ਉਪਮੰਡਲ ਮੈਜਿਸਟ੍ਰੇਟ ਸ੍ਰੀ ਓਮ ਪ੍ਰਕਾਸ਼ ਪੀ.ਸੀ.ਐਸ. ਦੀ ਪ੍ਰਧਾਨਗੀ ਹੇਠ ਗਿੱਦੜਬਾਹਾ ਬਲਾਕ ਪੱਧਰੀ ਬਾਲ ਸੁਰੱਖਿਆ ਕਮੇਟੀ ਦੀ ਬੈਠਕ ਹੋਈ। ਇਸ ਵਿਚ ਬੋਲਦਿਆਂ ਉਪਮੰਡਲ ਮੈਜਿਸਟ੍ਰੇਟ ਸ੍ਰੀ ਓਮ ਪ੍ਰਕਾਸ਼ ਨੇ ਜੁਵੇਨਾਈਲ ਜਸਟਿਸ ਐਕਟ ਬਾਰੇ ਦੱਸਿਆ ਕਿ ਬੱਚਿਆਂ ਨਾਲ ਸਬੰਧਿਤ ਕਿਸੇ ਵੀ ਕੇਸ ਵਿਚ ਪੁਲਿਸ ਵਰਦੀ ਵਿਚ ਨਹੀਂ ਹੋਵੇਗੀ ਅਤੇ ਨਾ ਹੀ ਬੱਚੇ ਨੂੰ ਹੱਥਕੜੀ ਲਗਾਈ ਜਾਵੇਗੀ। ਉਨਾਂ ਕਿਹਾ ਕਿ ਬੱਚਿਆਂ ਨਾਲ ਮਿੱਤਰਤਾਪੂਰਵਕ ਵਿਹਾਰ ਕੀਤਾ ਜਾਵੇਗਾ । ਬੈਠਕ ਦੌਰਾਨ ਪੋਕਸੋ ਐਕਟ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਲੜਕੀਆਂ ਦੇ ਨਾਲ ਨਾਲ ਲੜਕਿਆਂ ਨੂੰ ਜਾਗਰੂਕ ਕਰਨ ਦਾ ਫੈਸਲਾ ਵੀ ਲਿਆ ਗਿਆ।
ਇਸ ਦੌਰਾਨ ਉਪਮੰਡਲ ਮੈਜਿਸਟ੍ਰੇਟ ਗਿੱਦੜਬਾਹਾ ਸ੍ਰੀ ਓਮ ਪ੍ਰਕਾਸ਼ ਵੱਲੋਂ ਦੱਸਿਆ ਗਿਆ ਕਿ ਸਜਾ ਦੇ ਪ੍ਰਾਵਦਾਨ ਬਾਰੇ ਲੜਕਿਆਂ ਨੂੰ ਜਾਗਰੂਕ ਕੀਤਾ ਜਾਣਾ ਅਤਿ ਜਰੂਰੀ ਹੈ। ਇਸ ਦੇ ਨਾਲ ਨਾਲ ਬੱਚਿਆਂ ਅਤੇ ਮਾਪਿਆਂ ਵਿਚਕਾਰ ਤਾਲਮੇਲ ਸਥਾਪਿਤ ਕਰਨਾ ਵੀ ਅਤਿ ਜਰੂਰੀ ਹੈ ਤਾਂ ਜੋ ਬੱਚੇ ਬਿਨਾਂ ਕਿਸੇ ਡਰ ਤੋਂ ਆਪਣੇ ਮਨ ਦੀ ਹਰ ਗੱਲ ਦੱਸ ਸਕਣ । ਉਨਾਂ ਕਿਹਾ ਕਿ ਇਸ ਸਬੰਧ ਵਿਚ ਸਕੂਲਾਂ ਦੇ ਅਧਿਆਪਕਾਂ ਦੇ ਸਹਿਯੋਗ ਦੀ ਸਭ ਤੋਂ ਜਿਆਦਾ ਜਰੂਰਤ ਹੈ ਤਾਂ ਜੋ ਕਿਸੇ ਵੀ ਅਣਸੁਖ਼ਾਵੀਂ ਘਟਨਾ ਤੋਂ ਬੱਚਿਆਂ ਨੂੰ ਬਚਾਇਆ ਜਾ ਸਕੇ।
ਇਸ ਤੋਂ ਇਲਾਵਾ ਉਪਮੰਡਲ ਮੈਜਿਸਟੇ੍ਰਟ ਗਿੱਦੜਬਾਹਾ ਵੱਲੋਂ ਬਲਾਕ ਵਿਚੋਂ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਨੂੰ ਖਤਮ ਕਰਨ ਲਈ ਸੰਭਵ ਉਪਰਾਲਾ ਕੀਤਾ ਜਾਵੇ ਅਤੇ ਬਾਲ ਵਿਆਹ ਵਰਗੀ ਕੁਰੀਤੀ ਨੂੰ ਸ਼ਖਤੀ ਨਾਲ ਖਤਮ ਕਰਨ ਲਈ ਪੁਲਿਸ ਵਿਭਾਗ ਤੋਂ ਇਲਾਵਾ ਬਾਲ ਵਿਕਾਸ ਅਤੇ ਪ੍ਰਜੈਕਟ ਅਫ਼ਸਰ ਗਿੱਦੜਬਾਹਾ ਨੂੰ ਆਂਗਣਬਾੜੀ ਸੁਪਰਵਾਈਜਰਾਂ/ਵਰਕਰਾਂ ਦੇ ਕਰਮਚਾਰੀਆਂ ਨੂੰ ਪੂਰਾ ਸਹਿਯੋਗ ਦੇਣ ਦੀ ਹਦਾਇਤ ਵੀ ਕੀਤੀ ਗਈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ: ਸਿਵਾਨੀ ਨਾਗਪਾਲ ਵੱਲੋਂ ਦੱਸਿਆ ਗਿਆ ਕਿ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਤੇ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਸਕੂਲੀ ਵਾਹਨ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ। ਵਾਹਨ ਤੇ ਸਕੂਲ ਦਾ ਨਾਂਅ ਲਿਖਿਆ ਹੋਵੇ ਅਤੇ ਸਕੂਲੀ ਵਾਹਨ ਵਿਚ ਅੱਗ ਬੁਝਾਊ ਯੰਤਰ ਹੋਣੇ ਚਾਹੀਦੇ ਹਨ। ਸਕੂਲੀ ਵਾਹਨ ਦੇ ਉਪਰ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਅਤੇ ਥਾਣਾ ਮੁੱਖੀ/ਪੁਲਿਸ ਥਾਣੇ ਦਾ ਨੰਬਰ ਮੋਟੇ ਅੱਖਰਾਂ ਲਿਖਿਆ ਹੋਵੇ। ਵਾਹਨ ਵਿਚ ਸੀਸੀਟੀਵੀ ਕੈਮਰਾ ਅਤੇ ਬਾਰੀਆਂ ਹਾਈਡ੍ਰੋਲਿਕ ਹੋਣੀਆਂ ਚਾਹੀਦੀਆਂ ਹਨ। ਸੀਟਾਂ ਹੇਠ ਸਟੋਰੇਜ ਲਈ ਥਾਂ ਹੋਣੀ ਚਾਹੀਦੀ ਹੈ। ਫਸਟ ਏਡ ਕਿੱਟ ਅਤੇ ਵਾਹਨ ਨੂੰ ਮਿਲੇ ਪਰਮਿਟ ਅਤੇ ਰਜਿਸਟ੍ਰੇਸ਼ਨ ਅਨੁਸਾਰ ਵਿਦਿਆਰਥੀਆਂ ਦੀ ਗਿਣਤੀ ਹੋਣੀ ਚਾਹੀਦੀ ਹੈ। ਵਾਹਨ ਵਿਚ ਮਹਿਲਾ ਸਹਾਇਕ ਮੌਜੂਦ ਹੋਣ ਦੇ ਨਾਲ ਨਾਲ ਡਰਾਇਵਰ ਨਸ਼ਾ ਮੁਕਤ ਅਤੇ ਵਰਦੀ ਵਿਚ ਹੋਣਾ ਚਾਹੀਦਾ ਹੈ ਅਤੇ ਉਸਦੀ ਨਾਂਅ ਵਾਲੀ ਪਲੇਟ ਦੇ ਲਾਇਸੈਂਸ ਨੰਬਰ ਵੀ ਲਿਖਿਆ ਹੋਣਾ ਚਾਹੀਦਾ ਹੈ।
ਮੀਟਿੰਗ ਵਿਚ ਇਹ ਫੈਸਲਾ ਵੀ ਕੀਤਾ ਗਿਆ ਕਿ ਸਕੂਲੀ ਵਾਹਨਾਂ ਅਤੇ ਬਾਲ ਮਜਦੂਰੀ ਦੀ ਰੋਕਥਾਮ ਲਈ ਹਰ ਮਹੀਨੇ ਚੈਕਿੰਗ ਕੀਤੀ ਜਾਵੇਗੀ। ਇਸ ਤੋਂ ਬਿਨਾਂ ਬਾਲ ਸੁਰੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ, ਵੱਲੋਂ ਇਹ ਵੀ ਦੱਸਿਆ ਗਿਆ ਕਿ ਪੋਸਕੋ ਐਕਟ ਸਬੰਧੀ ਲੜਕੇ ਲੜਕੀਆਂ ਨੂੰ ਜਾਗਰੂਕ ਕੀਤਾ ਜਾਵੇਗਾ ।
ਇਸ ਮੌਕੇ ਤੇ ਪੰਕਜ ਕੁਮਾਰ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਗਿੱਦੜਬਾਹਾ, ਕ੍ਰਿਸ਼ਨ ਕੁਮਾਰ, ਐਸ.ਐਚ.ਓ. ਗਿੱਦੜਬਾਹਾ, ਦਰਸ਼ਨ ਸਿੰਘ, ਟੇ੍ਰਫਿਕ ਇੰਚਾਰਚ ਗਿੱਦੜਬਾਹਾ, ਬਾਲ ਸੁੱਰਖਿਆ ਅਫ਼ਸਰ ਅਨੂੰ ਬਾਲਾ, ਮੈਡੀਕਲ ਅਫ਼ਸਰ ਡਾ: ਧਰਿੰਦਰ ਗਰਗ ਆਦਿ ਸ਼ਾਮਿਲ ਸਨ।