ਕੋਈ ਵੀ ਇਨਸਾਨ ਸੁਣਨ ਤੋਂ ਵਾਂਝਾ ਨਾ ਰਹਿ ਸਕੇ, ਹੋਣਾ ਚਾਹੀਦਾ ਹੈ ਸਾਡਾ ਮੁੱਖ ਟੀਚਾ-ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ:- ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਨੇ ਕਿਹਾ ਕਿ 3 ਮਾਰਚ ਨੂੰ ਮਨਾਏ ਜਾਣ ਵਾਲੇ ਵਿਸ਼ਵ ਸੁਣਨ ਦਿਵਸ ਨੂੰ ਲੈ ਕੇ ਸਾਡਾ ਸਾਰਿਆਂ ਦਾ ਇਕੋ-ਇਕ ਮੁੱਖ ਟੀਚਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਵਿਅਕਤੀ ਸੁਣਨ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਕਿਹਾ ਕਿ ਵਧੇਰੀ ਉਮਰੇ ਤੱਕ ਸੁਣਨ ਦੀ ਸ਼ਕਤੀ ਨੂੰ ਕਾਇਮ ਰੱਖਣ ਲਈ ਡਾਕਟਰੀ ਸਲਾਹਾਂ ਅਨੁਸਾਰ ਸਮੇਂ-ਸਮੇਂ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੰਨਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਡਾਕਟਰਾਂ ਦੇ ਕਹੇ ਅਨੁਸਾਰ ਹੀ ਦਵਾਈਆਂ ਪਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਇਸ ਬਿਮਾਰੀ ਨੂੰ ਖਤਮ ਕਰ ਸਕਦੇ ਹਾਂ। ਸਿਵਲ ਸਰਜਨ ਡਾ. ਐਚ.ਐਨ. ਸਿੰਘ ਨੇ ਦੱਸਿਆ ਕਿ ਬਿਮਾਰੀ ਦੇ ਲੱਛਣਾਂ ਤੇ ਇਲਾਜ ਬਾਰੇ ਜਾਣਕਾਰੀ ਘੱਟ ਹੋਣ ਕਾਰਨ ਹੀ ਅਸੀਂ ਅਜਿਹੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਜਾਂਚ ਕਰਵਾ ਕੇ, ਪਰਹੇਜ ਕਰਕੇ ਤੇ ਇਲਾਜ ਕਰਵਾਕੇ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸ਼ਰੀਰ ਦੀ ਸੰਭਾਲ ਜਨਮ ਤੋਂ ਹੀ ਕਰਨੀ ਚਾਹੀਦੀ ਹੈ ਜਿਸ ਨਾਲ ਸ਼ੁਰੂਆਤੀ ਦੇ ਦਿਨਾਂ ’ਚ ਬਿਮਾਰੀਆਂ ਦੇ ਪੈਦਾ ਹੋਣ ’ਤੇ ਹੀ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੁਣਨ ਦੀ ਸ਼ਕਤੀ ਹੋਵੇਗੀ ਤਾਂ ਹੀ ਅਸੀਂ ਕਿਸੇ ਨੂੰ ਸੁਣ ਸਕਦੇ ਹਾਂ ਅਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਕਈ ਜਾਗਰੂਕਤਾ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ. ਵੰਦਨਾ ਬਾਂਸਲ ਨੇ ਦੱਸਿਆ ਕਿ ਵਿਸ਼ਨ ਸੁਣਨ ਦਿਵਸ ਮਨਾਉਣ ਦਾ ਮੰਤਵ ਲੋਕਾਂ ਨੂੰ ਆਪਣੇ ਕੰਨਾ ਦੀ ਸੰਭਾਲ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਕੰਨਾਂ ਦੀ ਸੰਭਾਲ ਜਨਮ ਤੋਂ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਨਵਾਉਣ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਪਾਣੀ ਬੱਚਿਆਂ ਦੇ ਕੰਨ ਵਿੱਚ ਨਾ ਜਾਵੇ। ਉਨ੍ਹਾਂ ਕਿਹਾ ਕਿ ਦੁੱਧ ਪੁਆਉਣ ਸਮੇਂ ਬੱਚੇ ਦਾ ਸਿਰ ਵਾਲਾ ਪਾਸਾ ਉਚਾ ਰੱਖ ਕੇ, ਖਾਂਸੀ ਜੁਕਾਮ ਸਮੇਂ ਦਵਾਈ ਨਾਲ ਦੀ ਨਾਲ ਦੇਣੀ ਯਕੀਨੀ ਬਣਾਈ ਜਾਵੇ, ਨਜ਼ਲਾ ਅੰਦਰ ਇਕਠਾ ਹੋਣ ਹੋਣ ਦੀ ਸੂਰਤ ਵਿੱਚ ਕੰਨ ਰਾਹੀਂ ਵਗਣ ਨਾਲ ਕੰਨ ਦਾ ਪਰਦਾ ਵੀ ਫੱਟ ਸਕਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਦਾ ਟੀਕਾਕਰਨ ਵੀ ਮਿਥੇ ਸ਼ਡਿਉਲ ਅਨੁਸਾਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਕੰਨਾਂ ਦੀ ਬਿਮਾਰੀਆਂ ਪੈਦਾ ਹੋਣ ਤੋਂ ਰੋਕੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਕੰਨਾ ਵਿੱਚ ਮੈਲ ਹੋਣ ’ਤੇ ਘਰੇਲੂ ਨੁਸਖੇ ਨਾ ਵਰਤ ਕੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬੱਚੇ ਜਨਮ ਤੋਂ ਹੀ ਸੁਣਨ ਦੀ ਸ਼ਕਤੀ ਤੋਂ ਵਾਂਝੇ ਹੁੰਦੇ ਹਨ ਤਾਂ ਉਨ੍ਹਾਂ ਦਾ ਨਾਲ ਦੀ ਨਾਲ ਹੀ ਬਣਦਾ ਲੋੜੀਂਦਾ ਇਲਾਜ ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਬੱਚੇ ਵੱਡੇ ਹੋ ਕੇ ਆਪਣੇ ਆਪ ਨੂੰ ਸਮਾਜ ਦਾ ਹਿੱਸਾ ਸਮਝਣ ਨਾ ਕਿ ਆਪਣੇ ਆਪ ਨੂੰ ਬੋਝ ਸਮਝਣ ਲੱਗ ਪੈਣ।  ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਜੁਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਇਸ ਬਿਮਾਰੀ ਨੂੰ ਖਤਮ ਕੀਤਾ ਜਾ ਸਕੇ।