ਸਿਵਲ ਹਸਪਤਾਲ ਮਲੋਟ ਵਿਖੇ ਮਨਾਇਆ ਗਿਆ 'ਵਿਸ਼ਵ ਡੇਂਗੂ ਦਿਵਸ'
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਡਾ. ਨਵਜੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਸ.ਐਮ.ਓ ਡਾ. ਸੁਨੀਲ ਬਾਂਸਲ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਮਲੋਟ ਵਿਖੇ 'ਵਿਸ਼ਵ ਡੇਂਗੂ ਦਿਵਸ' ਮਨਾਇਆ ਗਿਆ। ਇਸ ਦੌਰਾਨ ਡਾ. ਸੁਨੀਲ ਬਾਂਸਲ ਨੇ ਦੱਸਿਆ ਕਿ ਡੇਂਗੂ ਹੋਣ ਤੇ ਤੇਜ਼ ਬੁਖਾਰ ਹੁੰਦਾ ਹੈ, ਇਸ ਦੇ ਨਾਲ ਹੀ ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਨੱਕ ਤੇ ਮਸੂੜਿਆਂ ਵਿੱਚੋਂ ਖੂਨ ਆਉਣ ਵਰਗੇ ਲੱਛਣ ਹੋ ਸਕਦੇ ਹਨ। ਅਜਿਹਾ ਹੋਣ ਤੇ ਡੇਂਗੂ ਸੰਬੰਧੀ ਟੈਸਟ ਸਰਕਾਰੀ ਸੰਸਥਾ ਤੋਂ ਕਰਵਾਉਣਾ ਚਾਹੀਦਾ ਹੈ ਅਤੇ ਤੁਰੰਤ ਆਪਣਾ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ।
ਇਸ ਦੌਰਾਨ ਹਰਜੀਤ ਸਿੰਘ ਅਤੇ ਸੁਖਨਪਾਲ ਸਿੰਘ ਨੇ ਦੱਸਿਆ ਕਿ ਡੇਂਗੂ ਏਡੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਜੋ ਕਿ ਸਾਫ਼ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ ਜਿਵੇਂ ਕਿ ਗਮਲੇ, ਕੂਲਰ, ਟਾਇਰ, ਕਬਾੜ ਵਾਲੀਆਂ ਚੀਜ਼ਾਂ ਵਿੱਚ ਪਾਣੀ ਖੜ੍ਹ ਸਕਦਾ ਹੈ, ਉਨ੍ਹਾਂ ਨੂੰ ਸਾਫ਼ ਰੱਖਣਾ ਚਾਹੀਦਾ ਹੈ ਤੇ ਇਹਨਾਂ ਵਿੱਚੋਂ ਪਾਣੀ ਡੋਲ੍ਹ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕੂਲਰ ਦਾ ਪਾਣੀ ਵੀ ਅਕਸਰ ਬਦਲਦੇ ਰਹਿਣਾ ਚਾਹੀਦਾ ਹੈ ਅਤੇ ਫਰਿੱਜ ਦੀ ਬਾਹਰੀ ਟਰੇਅ ਦਾ ਪਾਣੀ ਵੀ ਡੋਲ੍ਹ ਦੇਣਾ ਚਾਹੀਦਾ ਹੈ। ਹਰ ਸ਼ੁੱਕਰਵਾਰ ਨੂੰ 'ਡਰਾਈ ਡੇਅ' ਵਜੋਂ ਮਨਾਉਣਾ ਚਾਹੀਦਾ ਹੈ ਤਾਂ ਜੋ ਡੇਂਗੂ ਵਰਗੀ ਬਿਮਾਰੀ ਤੋਂ ਬਚਿਆ ਜਾ ਸਕੇ। ਇਸ ਮੌਕੇ ਡਾ. ਸੁਨੀਲ ਅਰੋੜਾ, ਡਾ. ਚੇਤਨ ਖੁਰਾਣਾ, ਜੋਬਨਜੀਤ ਸਿੰਘ ਅਤੇ ਹਰਦਵਿੰਦਰ ਸਿੰਘ ਮਲਟੀਪਰਪਜ਼ ਹੈੱਲਥ ਵਰਕਰ ਮੌਜੂਦ ਸਨ। Author : Malout Live