ਚੋਣਾਂ ਵਿੱਚ ਸਰਹੱਦ ਪਾਰੋਂ ਧਨ, ਬਲ ਤੇ ਨਸ਼ਿਆਂ ਦੇ ਦਾਖਲੇ ਨੂੰ ਰੋਕਣ ਲਈ ਕੀਤਾ ਤਾਲਮੇਲ- ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਲੋਕ ਸਭਾ ਚੋਣਾਂ ਵਿੱਚ ਅੰਤਰਰਾਜੀ ਸਰਹੱਦ ਪਾਰੋਂ ਧਨ ਬਲ ਅਤੇ ਨਸ਼ਿਆਂ ਦੀ ਕੁਵਰਤੋਂ ਰੋਕਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੇਜਬਾਨੀ ਵਿੱਚ ਪੰਜਾਬ, ਰਾਜਸਥਾਨ ਅਤੇ ਹਰਿਆਣਾ ਦੇ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਬੈਠਕ ਹੋਈ। ਇਸ ਬੈਠਕ ਵਿੱਚ ਹਰਿਆਣਾ ਦੇ ਸਿਰਸਾ ਅਤੇ ਰਾਜਸਥਾਨ ਦੇ ਹਨੂੰਮਾਨਗੜ੍ਹ ਅਤੇ ਸ੍ਰੀ ਗੰਗਾਨਗਰ ਜਿਲਿਆਂ ਦੇ ਅਧਿਕਾਰੀਆਂ ਨੇ ਭਾਗ ਲਿਆ। ਇਸ ਵਿੱਚ ਬਠਿੰਡਾ ਤੇ ਖਰਚਾ ਨਿਗਰਾਨ ਸ਼੍ਰੀ ਅਖਿਲੇਸ਼ ਕੁਮਾਰ ਯਾਦਵ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਸਮੂਹ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਅਕਸਰ ਅਪਰਾਧੀ ਗਲਤ ਕਾਰਵਾਈ ਕਰਨ ਤੋਂ ਬਾਅਦ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਛੁੱਪ ਜਾਂਦੇ ਹਨ। ਇਸ ਤੋਂ ਬਿਨ੍ਹਾਂ ਸਰਹੱਦ ਪਾਰ ਵੀ ਧਨ, ਬਲ ਜਾਂ ਨਸ਼ਿਆ ਰਾਹੀਂ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਮਾੜੇ ਅਨਸਰਾਂ ਵੱਲੋਂ ਕੀਤੀ ਜਾਂਦੀ ਹੈ, ਪਰ ਆਪਸੀ ਤਾਲਮੇਲ ਨਾਲ ਇਸ ਤਰਾਂ ਦੇ ਮਾੜੇ ਅਨਸਰਾਂ ਨੂੰ ਅਸਾਨੀ ਨਾਲ ਦਬੋਚਿਆ ਜਾ ਸਕਦਾ ਹੈ।

ਬੈਠਕ ਦੌਰਾਨ ਤਿੰਨਾਂ ਰਾਜਾਂ ਵੱਲੋਂ ਆਪਸੀ ਤਾਲਮੇਲ ਲਈ ਸੂਚਨਾਵਾਂ ਦਾ ਅਦਾਨ ਪ੍ਰਦਾਨ ਕੀਤਾ ਗਿਆ। ਐੱਸ.ਐੱਸ.ਪੀ ਸ੍ਰੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 19 ਇੰਟਰਸਟੇਟ ਨਾਕੇ ਅਤੇ 9 ਅੰਤਰ ਜ਼ਿਲ੍ਹਾ ਨਾਕੇ ਲਗਾਏ ਗਏ ਹਨ। ਇੰਨ੍ਹਾਂ ਵਿੱਚੋਂ 7 ਇੰਟਰਸਟੇਟ ਅਤੇ 9 ਅੰਤਰ ਜ਼ਿਲ੍ਹਾ ਨਾਕੇ ਸੀ.ਸੀ.ਟੀ.ਵੀ ਕੈਮਰਿਆਂ ਦੀ ਨਿਗਰਾਨੀ ਹੇਠ ਹਨ। ਉਨ੍ਹਾਂ ਨੇ ਦੱਸਿਆ ਕਿ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਜ਼ਿਲ੍ਹੇ ਵਿੱਚ 151 ਐਫ.ਆਈ.ਆਰ ਐਨ.ਡੀ.ਪੀ.ਐੱਸ ਅਤੇ ਐਕਸਾਈਜ ਐਕਟ ਤਹਿਤ ਦਰਜ ਕੀਤੇ ਗਏ ਹਨ। ਜ਼ਿਲ੍ਹੇ ਵਿੱਚ 3388000 ਰੁਪਏ ਦੀ ਨਗਦੀ ਵੀ ਬ੍ਰਾਮਦ ਕੀਤੀ ਗਈ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੰਜੀਵ ਸ਼ਰਮਾ, ਐੱਸ.ਡੀ.ਐਮ ਮਲੋਟ ਡਾ. ਸੰਜੀਵ ਕੁਮਾਰ, ਐੱਸ.ਡੀ.ਐਮ ਸ੍ਰੀ ਮੁਕਤਸਰ ਸਾਹਿਬ ਸ੍ਰੀਮਤੀ ਬਲਜੀਤ ਕੌਰ ਅਤੇ ਸਿੰਘ ਐੱਸ.ਡੀ.ਐਮ ਡੱਬਵਾਲੀ, ਅਲੋਕਪਾਲ ਸਿੰਘ ਡੀ.ਈ.ਟੀ.ਸੀ ਸਿਰਸਾ, ਸ੍ਰੀ ਧਰਮਿੰਦਰ ਯਾਦਵ ਤਹਿਸੀਲਦਾਰ ਸੰਘਰੀਆ, ਸੁਮੇਰ ਸਿੰਘ ਐੱਸ.ਪੀ ਡੱਬਵਾਲੀ, ਫਤਿਹ ਸਿੰਘ ਡੀ.ਐੱਸ.ਪੀ ਲੰਬੀ, ਡੀ.ਐੱਸ.ਪੀ ਮਲੋਟ ਪਵਨਜੀਤ, ਕਰਨ ਸਿੰਘ ਸੀ.ਓ ਸੰਘਰੀਆ ਵੀ ਹਾਜਿਰ ਸਨ। Author : Malout Live