District NewsMalout News

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਤਹਿਤ ਸ਼੍ਰੀ ਮੁਕਤਸਰ ਸਾਹਿਬ ਵਿਖੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ 26 ਸਤੰਬਰ ਤੋਂ:- ਡਿਪਟੀ ਕਮਿਸ਼ਨਰ

ਮਲੋਟ: ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ-2 ਤਹਿਤ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ 26 ਸਤੰਬਰ 2023 ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ, ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਰੂਹੀ ਦੁੱਗ, ਆਈ.ਏ.ਐੱਸ ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ-2 ਦਾ ਆਯੋਜਨ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ, ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨਾ, ਭਾਈਚਾਰਾ ਤੇ ਸਦਭਾਵਨਾ ਪੈਦਾ ਕਰਨ, ਵੱਧ ਤੋਂ ਵੱਧ ਵਸਨੀਕਾਂ/ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਸਿਹਤਮੰਦ ਪੰਜਾਬ ਦੀ ਸਿਰਜਨਾ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹਾ ਪੱਧਰੀ ਖੇਡਾਂ 26 ਸਤੰਬਰ 2023 ਤੋਂ 02 ਅਕਤੂਬਰ 2023 ਤੱਕ ਕਰਵਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਖਿਡਾਰੀ www.khedanwatanpunjabdia.com ’ਤੇ ਰਜਿਸਟਰਡ ਕਰ ਸਕਦੇ ਹਨ।

ਇਸ ਮੌਕੇ ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੇ ਵਿਭਾਗ ਨਾਲ ਸੰਬੰਧਿਤ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਅਤੇ ਖੇਡਾਂ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ, ਐਬੂਲੈਂਸ ਸਮੇਤ ਮੈਡੀਕਲ ਟੀਮ, ਖਿਡਾਰੀਆਂ ਦੀ ਰਜਿਸਟ੍ਰੇਸ਼ਨ, ਸਾਫ਼-ਸਫਾਈ ਦੇ ਪ੍ਰਬੰਧ, ਪੀਣ ਵਾਲੇ ਪਾਣੀ, ਫਾਇਰ ਬਰੀਗੇਡ, ਬਿਜਲੀ ਦੀ ਨਿਰਵਿਘਨ ਸਪਲਾਈ ਆਦਿ ਹੋਰ ਲੋੜੀਂਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਕੀਤੀਆਂ। ਉਨ੍ਹਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਟੇਡੀਅਮ, ਸ਼੍ਰੀ ਮੁਕਤਸਰ ਸਾਹਿਬ ਵਿਖੇ ਬਾਸਕਿਟਬਾਲ, ਫੁੱਟਬਾਲ, ਹੈਂਡਬਾਲ, ਪਾਵਰ ਲਿਫ਼ਟਿੰਗ, ਵੇਟ ਲਿਫਟਿੰਗ, ਅਥਲੈਟਿਕਸ, ਵਾਲੀਬਾਲ (ਸ਼ੂਟਿੰਗ) ਵਾਲੀਬਾਲ (ਸਮੈਸ਼ਿੰਗ), ਕਿੱਕ ਬਾਕਸਿੰਗ, ਕਬੱਡੀ (ਨ.ਸ), ਕਬੱਡੀ (ਸ.ਸ), ਗੱਤਕਾ, ਖੋ-ਖੋ ਦੇ ਮੁਕਾਬਲੇ, ਸ਼ੂਟਿੰਗ ਰੇਂਜ ਪਿੰਡ ਬਾਦਲ ਵਿਖੇ ਸ਼ੂਟਿੰਗ, ਰੈਡ ਕਰਾਸ ਭਵਨ, ਸ਼੍ਰੀ ਮੁਕਤਸਰ ਸਾਹਿਬ ਵਿਖੇ ਬੈਡਮਿੰਟਨ, ਗੁਰੂ ਨਾਨਕ ਕਾਲਜ, ਸ਼੍ਰੀ ਮੁਕਤਸਰ ਸਾਹਿਬ ਵਿਖੇ ਬਾਕਸਿੰਗ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗਿੱਦੜਬਾਹਾ ਵਿਖੇ ਕੁਸ਼ਤੀ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਖਿਡਾਰੀ ਇਨ੍ਹਾਂ ਜਿਲ੍ਹਾ ਪੱਧਰੀ ਖੇਡਾਂ ਵਿਚ ਭਾਗ ਲੈਣ ਅਤੇ ਤੰਦਰੁਸਤ ਬਣਨ ਦੇ ਨਾਲ-ਨਾਲ ਖੇਡਾਂ ਵਿੱਚ ਆਪਣਾ ਨਾਮ ਕਮਾਉਣ ਤੇ ਆਪਣੇ ਪਰਿਵਾਰ ਤੇ ਸੂਬੇ ਦਾ ਨਾਮ ਰੋਸ਼ਨ ਕਰਨ।

Author: Malout Live

Back to top button