District NewsMalout News

ਜਿਲ੍ਹਾ ਚੋਣ ਅਫਸਰ ਨੇ ਚੋਣ ਜਾਬਤੇ ਸੰਬੰਧੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਮੂਹ ਬੈਂਕਰਾਂ ਨੂੰ ਜਾਰੀ ਕੀਤੀਆਂ ਹਦਾਇਤਾਂ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ ਆਦਰਸ਼ ਚੋਣ ਜਾਬਤਾ ਅਮਲ ਵਿੱਚ ਆ ਚੁੱਕਾ ਹੈ। ਇਸ ਸੰਬੰਧੀ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ-ਕਮ-ਜਿ਼ਲ੍ਹਾ ਚੋਣ ਅਫਸਰ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਲੋਕ ਸਭਾ ਹਲਕੇ ਫਰੀਦਕੋਟ-09, ਫਿਰੋਜ਼ਪੁਰ-10 ਅਤੇ ਬਠਿੰਡਾ-11 ਅਧੀਨ ਆਉਂਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ, ਸ਼੍ਰੀ ਮੁਕਤਸਰ ਸਾਹਿਬ-ਮਲੋਟ ਅਤੇ ਲੰਬੀ ਦੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਮੂਹ ਬੈਂਕ ਮੈਨੇਜਰਾਂ ਨਾਲ ਦਫਤਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੌਰਾਨ ਇਸ ਮੀਟਿੰਗ ਵਿੱਚ ਭਾਰਤ ਚੋਣ ਕਮਿਸ਼ਨ ਵੱਲੋਂ ਮਾਡਲ ਕੋਡ ਆਫ ਕੰਡਕਟ ਦੌਰਾਨ ਬੈਂਕਾਂ ਸੰਬੰਧੀ ਜੋ ਵੀ ਹਦਾਇਤਾਂ ਹੋਈਆਂ ਹਨ, ਉਹਨਾਂ ਬਾਰੇ ਮੀਟਿੰਗ ਵਿੱਚ ਹਾਜ਼ਿਰ ਬੈਕਾਂ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਾਣੂੰ ਕਰਵਾਇਆ ਗਿਆ। ਉਹਨਾਂ ਕਿਹਾ ਕਿ ਚੋਣ ਜਾਬਤਾ ਲਾਗੂ ਹੋਣ ਤੋਂ ਪਹਿਲਾ ਪਿਛਲੇ ਦੋ ਮਹੀਨੇ ਦੌਰਾਨ ਅਸਾਧਾਰਨ ਅਤੇ ਸ਼ੱਕੀ ਹਾਲਤ ਵਿੱਚ ਕਿਸੇ ਬੈਂਕ ਖਾਤਾਦਾਰਕ

ਵੱਲੋਂ ਇੱਕ ਲੱਖ ਰੁਪਏ ਦਾ ਕੈਸ਼ ਅਚਾਨਕ ਜਮ੍ਹਾਂ ਕਰਵਾਉਣ ਜਾਂ ਕਢਵਾਉਣ ਦੀ ਪ੍ਰਕਿਰਿਆ ਸ਼ੱਕ ਦੇ ਦਾਇਰੇ ਵਿੱਚ ਲੱਗਦੀ ਹੈ ਤਾਂ ਉਸ ਦੀ ਸੂਚਨਾਂ ਤੁਰੰਤ ਜਿਲ੍ਹਾ ਚੋਣ ਅਫਸਰ ਨੂੰ ਦਿੱਤੀ ਜਾਵੇ ਅਤੇ ਇਸ ਦੇ ਨਾਲ ਹੀ 10 ਲੱਖ ਤੋਂ ਉੱਤੇ ਦੀਆਂ ਸਾਰੀਆਂ ਬੈਂਕ ਟਰਾਂਸਜਕਸ਼ਨ ਦੀ ਜਾਣਕਾਰੀ ਜਿਲ੍ਹਾ ਚੋਣ ਦਫਤਰ ਨੂੰ ਵੀ ਦਿੱਤੀ ਜਾਵੇ। ਉਹਨਾਂ ਇਹ ਵੀ ਹਦਾਇਤ ਕੀਤੀ ਕਿ ਜਿਲ੍ਹੇ ਦੇ ਵੱਡੇ ਮਾਲਜ (ਸਟੋਰਜ਼) ਭਾਵ ਜਿੱਥੇ ਖਰੀਦਦਾਰ ਆਪਣੇ ਨਿੱਤ ਵਰਤੋਂ ਦਾ ਸਮਾਨ ਖਰੀਦ ਕਰਦਾ ਹੈ, ਜੇਕਰ ਇਹਨਾਂ ਰਾਸ਼ਨ ਵਾਲੀਆਂ ਦੁਕਾਨਾਂ ਤੇ ਕੋਈ ਵੱਡੀ ਰਕਮ ਦੀ ਟਰਾਂਸਜੈਕਸ਼ਨ ਹੁੰਦੀ ਹੈ ਤਾਂ ਇਸ ਦੀ ਸੂਚਨਾਂ ਤੁਰੰਤ ਦਿੱਤੀ ਜਾਵੇ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਕਿਸੇ ਵੀ ਸੂਰਤ ਵਿੱਚ ਮਾਡਲ ਕੋਡ ਆਫ ਕੰਡਕਟ ਦੀਆਂ ਹਦਾਇਤਾਂ ਦੀ ਉਲੰਘਣਾ ਨਹੀ ਹੋਣੀ ਚਾਹੀਦੀ ਅਤੇ ਹਦਾਇਤਾਂ ਦੀ ਸਖਤੀ ਨਾਲ ਪਾਲ੍ਹਣਾ ਕੀਤੀ ਜਾਵੇ। ਇਸ ਮੀਟਿੰਗ ਵਿੱਚ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕਮ-ਵਧੀਕ ਜਿਲ੍ਹਾ ਚੋਣ ਅਫਸਰ, ਸ਼੍ਰੀ ਹਰਬੰਸ ਸਿੰਘ ਚੋਣ ਤਹਿਸੀਲਦਾਰ ਅਤੇ ਜਿਲ੍ਹੇ ਦੇ ਸਮੂਹ ਬੈਂਕ ਮੈਨੇਜਰ ਅਤੇ ਹੋਰ ਅਧਿਕਾਰੀ/ਕਰਮਚਾਰੀ ਵੀ ਸ਼ਾਮਿਲ ਹੋਏ।

Author: Malout Live

Back to top button