ਜਿਵਾਣੂਆਂ ਦਾ ਕੈਪਸੂਲ, ਮੁਕਾਏਗਾ ਪਰਾਲੀ ਦਾ ਜਿੰਨ
,
ਸ੍ਰੀ ਮੁਕਤਸਰ ਸਾਹਿਬ:- ਭਾਰਤੀ ਖੇਤੀ ਖੋਜ ਸੰਸਥਾਨ ਤੇ ਭਾਰਤੀ ਖੇਤੀ ਖੋਜ ਕੋਂਸਲ ਪੁਸਾ ਦੇ ਵਿਗਿਆਨੀਆਂ ਨੇ ਜੀਵਾਣੂਆਂ ਤੋਂ ਇਕ ਅਜਿਹਾ ਕੈਪਸੂਲ ਤਿਆਰ ਕੀਤਾ ਹੈ ਜਿਸ ਦੇ ਘੋਲ ਰਾਹੀਂ ਪਰਾਲੀ ਨੂੰ ਖਾਦ ਵਿਚ ਬਦਲਿਆ ਜਾ ਸਕਦਾ ਹੈ। ਇਸ ਸਬੰਧੀ ਪੁਸਾ ਦੀ ਸੀਨਿਅਰ ਵਿਗਿਆਨੀ ਡਾ: ਲਵਲੀਨ ਸੁਕਲਾ ਨੇ ਪਿੰਡ ਰੁਹੇੜਿਆਂ ਵਾਲੀ ਵਿਚ ਕਿਸਾਨਾ ਸੁਖਦੀਪ ਸਿੰਘ ਦੇ ਖੇਤ ਤੇ ਇਸ ਜਿਵਾਣੂ ਕੈਪਸੂਲ ਦਾ ਪ੍ਰੀਖਣ ਕਰਕੇ ਵਿਖਾਇਆ ਹੈ। ਇਸ ਮੌਕੇ ਜ਼ਿਲਾ ਖੇਤੀਬਾੜੀ ਅਫ਼ਸਰ ਸ: ਬਲਜਿੰਦਰ ਸਿੰਘ ਬਰਾੜ ਵੀ ਹਾਜਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਸਾ ਦੀ ਮਾਇਕ੍ਰੋਬਾਇਓਲੋਜਿਸਟ ਡਾ: ਲਵਲੀਨ ਸੁਕਲਾ ਨੇ ਕਿਹਾ ਕਿ ਖੋਜ ਉਪਰੰਤ ਇਹ ਕੈਪਸੂਲ ਤਿਆਰ ਕੀਤਾ ਗਿਆ ਹੈ। ਇਸ ਕੈਪਸੂਲ ਕਾਰਨ ਇਸ ਨੂੰ ਇਕ ਥਾਂ ਤੋਂ ਦੂਜੀ ਥਾਂ ਤੇ ਲਿਜਾਉਣਾ ਆਸਾਨ ਹੈ। ਇਸਦੀ ਪਰਾਲੀ ਨੂੰ ਖੇਤ ਵਿਚ ਮਿਲਾਉਣ ਅਤੇ ਖੇਤ ਤੋਂ ਬਾਹਰ ਕੱਢ ਕੇ ਖਾਦ ਤਿਆਰ ਕਰਨ ਦੋਨਾਂ ਵਿਧੀਆਂ ਰਾਹੀਂ ਵਰਤੋਂ ਕੀਤੀ ਜਾ ਸਕਦੀ ਹੈ। ਡਾ: ਸੁਕਲਾ ਨੇ ਦੱਸਿਆ ਕਿ 4 ਕੈਪਸੂਲ ਦੀ ਦਵਾਈ ਨੂੰ ਪਾਣੀ ਵਿਚ ਘੋਲ ਕੇ 25 ਲੀਟਰ ਦਾ ਘੋਲ ਬਣਾਇਆ ਜਾਂਦਾ ਹੈ। ਇਸ ਘੋਲ ਦੀ 10 ਲੀਟਰ ਮਾਤਰਾ ਇਕ ਏਕੜ ਖੇਤ ਵਿਚ ਪਈ ਪਰਾਲੀ ਤੇ ਛਿੜਕ ਕੇ ਜੇਕਰ ਪਰਾਲੀ ਖੇਤ ਵਿਚ ਛੱਡ ਦਿੱਤੀ ਜਾਵੇ ਜਾਂ ਵਾਹ ਦਿੱਤੀ ਜਾਵੇ ਅਤੇ ਪਾਣੀ ਲਗਾ ਦਿੱਤਾ ਜਾਵੇ ਤਾਂ ਇਸ ਨਾਲ ਬਹੁਤ ਜਲਦੀ ਪਰਾਲੀ ਖੇਤ ਦੀ ਮਿੱਟੀ ਵਿਚ ਮਿਲ ਕੇ ਖਾਦ ਬਣ ਜਾਂਦੀ ਹੈ। ਦੂਜੀ ਵਿਧੀ ਵਿਚ ਖੇਤ ਵਿਚ ਟੋਆ ਪੁੱਟ ਕੇ ਉਸ ਵਿਚ ਪਰਾਲੀ ਭਰੀ ਜਾਂਦੀ ਹੈ। ਇਸ ਪਰਾਲੀ ਵਿਚ ਪ੍ਰਤੀ ਟਨ ਪਰਾਲੀ ਪਿੱਛੇ ਉਪਰੋਕਤ ਤਰੀਕੇ ਨਾਲ ਤਿਆਰ ਕੀਤਾ 5 ਲੀਟਰ ਘੋਲ ਪ੍ਰਤੀ ਮਿਲਾਉਣਾ ਹੈ ਅਤੇ ਬਾਅਦ ਵਿਚ ਟੋਏ ਨੂੰ ਬੰਦ ਕਰ ਦੇਣਾ ਹੈ। ਤਿੰਨ ਮਹੀਨੇ ਵਿਚ ਇਕ ਵਾਰ ਇਸ ਨੂੰ ਹਿਲਾ ਦੇਣਾ ਹੈ ਅਤੇ 90 ਦਿਨ ਵਿਚ ਇਹ ਪਰਾਲੀ ਖਾਦ ਵਿਚ ਬਦਲ ਜਾਂਦੀ ਹੈ ਜੋ ਕਿ ਜਮੀਨ ਦੀ ਪੌਸ਼ਟਿਕਤਾ ਵਧਾਉਣ ਵਿਚ ਸਹਾਈ ਸਿੱਧ ਹੁੰਦੀ ਹੈ। ਇੱਥੇ ਜਿਕਰਯੋਗ ਹੈ ਇਹ ਪ੍ਰਯੋਗ ਜਿਸ ਸੁਖਦੀਪ ਸਿੰਘ ਕਿਸਾਨ ਦੇ ਖੇਤ ਵਿਚ ਕੀਤਾ ਗਿਆ ਹੈ ਉਸਨੇ ਨਰਮੇ ਵਿਚ ਕਿਸੇ ਵੀ ਕੀਟਨਾਸ਼ਕ ਦੀ ਵਰਤੋਂ ਨਹੀਂ ਕੀਤੀ ਅਤੇ ਉਸਨੂੰ 30 ਮਣ ਝਾੜ ਦੀ ਉਮੀਦ ਹੈ। ਉਕਤ ਕਿਸਾਨ ਜੋ ਕਿ ਅਜਿਹੇ ਜਿਵਾਣੂਆਂ ਦੀ ਵਰਤੋਂ ਕਰਦਾ ਰਹਿੰਦਾ ਹੈ ਦਾ ਕਹਿਣਾ ਹੈ ਕਿ ਇਹ ਤਰੀਕਾ ਕਾਰਗਰ ਹੈ। ਇਸ ਮੌਕੇ ਜ਼ਿਲਾ ਖੇਤੀਬਾੜੀ ਅਫ਼ਸਰ ਸ: ਬਲਜਿੰਦਰ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਖੇਤਾਂ ਵਿਚ ਮਿਲਾ ਕੇ ਅਸੀਂ ਸਾਡੀਆਂ ਸੇਮ ਮਾਰੀਆਂ ਜਮੀਨਾਂ ਨੂੰ ਬਹਾਲ ਕਰ ਸਕਦੇ ਹਾਂ। ਉਨਾਂ ਨੇ ਕਿਹਾ ਪਰਾਲੀ ਨੂੰ ਖੇਤ ਵਿਚ ਮਿਲਾਉਣ ਨਾਲ ਜੈਵਿਕ ਮਾਦਾ ਵੱਧਦਾ ਹੈ ਅਤੇ ਜਮੀਨ ਵਿਚ ਸੋਰੇ ਦੀ ਸਮੱਸਿਆ ਦਾ ਹੱਲ ਹੁੰਦਾ ਹੈ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਖੇਤ ਵਿਚ ਮਿਲਾ ਕੇ ਕਣਕ ਬੀਜਣ। ਉਨਾਂ ਨੇ ਕਿਹਾ ਕਿ ਇੰਨਾਂ ਤਜਰਬਿਆਂ ਦੀ ਸਫਲਤਾ ਤੋਂ ਬਾਅਦ ਇਹ ਜਿਵਾਣੂ ਟੀਕਾ ਹੋਰ ਕਿਸਾਨਾਂ ਨੂੰ ਵੀ ਮੁਹਈਆ ਕਰਵਾਇਆ ਜਾਵੇਗਾ।