ਮੁੱਖ ਸਕੱਤਰ ਨੇ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਪ੍ਰਬੰਧਨ ਲਈ ਵਿਆਪਕ ਯੋਜਨਾ ਉਲੀਕਣ ਦੇ ਦਿੱਤੇ ਨਿਰਦੇਸ਼

ਮਲੋਟ: ਪੰਜਾਬ ਵਿੱਚ ਖੁੱਲ੍ਹੇ ਵਿੱਚ ਘੁੰਮਦੇ ਅਵਾਰਾ ਪਸ਼ੂਆਂ ਕਾਰਨ ਵਾਪਰਦੇ ਹਾਦਸਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਇਹਨਾਂ ਦੀ ਸਾਂਭ ਸੰਭਾਲ ਅਤੇ ਪ੍ਰਬੰਧਨ ਲਈ ਯੋਜਨਾ ਉਲੀਕਣ ਅਤੇ ਅਵਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜ੍ਹਿਤਾਂ ਨੂੰ ਢੁੱਕਵਾ ਮੁਆਵਜ਼ਾ ਦੇਣ ਲਈ ਇਕਸਾਰ ਨੀਤੀ ਬਣਾਉਣ ਵਾਸਤੇ ਕਮੇਟੀ ਬਣਾਉਣ ਦਾ ਫੈਂਸਲਾ ਕੀਤਾ ਗਿਆ। ਪੰਜਾਬ ਸਿਵਲ ਸਕੱਤਰੇਤ ਵਿਖੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਸਥਾਨਕ ਸਰਕਾਰਾਂ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪੋ-ਆਪਣੇ ਖੇਤਰਾਂ ਵਿੱਚ ਖੁੱਲ੍ਹੇਆਮ ਘੁੰਮਦੇ ਅਵਾਰਾ ਪਸ਼ੂਆਂ ਦੀ ਸ਼ਨਾਖਤ ਕਰ ਕੇ ਉਹਨਾਂ ਨੂੰ ਖਾਸ ਵਾਹਨ ਰਾਹੀਂ ਨੇੜਲੀਆਂ ਗਊਸ਼ਾਲਾਵਾਂ ਅੰਦਰ ਛੱਡਣ ਦੀ ਵਿਵਸਥਾ ਤਿਆਰ ਕਰਨ।

ਉਹਨਾਂ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੂੰ ਕਿਹਾ ਕਿ ਕੋਈ ਅਜਿਹਾ ਟਰੈਕਿੰਗ ਸਿਸਟਮ ਬਣਾਇਆ ਜਾਵੇ, ਜਿਸ ਰਾਹੀਂ ਜੀ.ਓ ਮੈਪਿੰਗ ਪਤਾ ਲੱਗ ਸਕੇ ਕਿ ਅਵਾਰਾ ਪਸ਼ੂ ਕਿਸ ਜਗ੍ਹਾਂ ਘੁੰਮ ਰਿਹਾ ਹੈ। ਇਸ ਲਈ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਜਾ ਸਕਦਾ ਹੈ, ਜਿੱਥੋਂ ਅਵਾਰਾ ਪਸ਼ੂ ਵਾਲੀ ਜਗ੍ਹਾਂ ਉੱਤੇ ਇਸ ਨੂੰ ਲਿਜਾਣ ਵਾਲੇ ਵਾਹਨ ਨੂੰ ਭੇਜਿਆ ਜਾਵੇ। ਇਸ ਦੌਰਾਨ ਮੀਟਿੰਗ ਵਿੱਚ ਅਵਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਨਾਲ ਜਾਨ ਗਵਾਉਣ ਵਾਲੇ ਵਿਅਕਤੀ ਦੇ ਪਰਿਵਾਰ ਨੂੰ ਮੁਆਵਾਜ਼ਾ ਰਾਸ਼ੀ ਦੇਣ ਦੀ ਨੀਤੀ ਉੱਤੇ ਵੀ ਵਿਚਾਰ ਕੀਤਾ ਗਿਆ। ਇਸ ਸੰਬੰਧੀ ਮੁੱਖ ਸਕੱਤਰ ਵੱਲੋਂ ਵਿੱਤ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤਾਂ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ, ਪ੍ਰਮੁੱਖ ਸਕੱਤਰ ਪਸ਼ੂ ਪਾਲਣ, ਪ੍ਰਮੁੱਖ ਸਕੱਤਰ ਟਰਾਂਸਪੋਰਟ ਤੇ ਏ.ਡੀ.ਜੀ.ਪੀ ਟ੍ਰੈਫਿਕ ਦੀ ਕਮੇਟੀ ਬਣਾਉਣ ਦਾ ਫੈਂਸਲਾ ਕੀਤਾ ਗਿਆ ਤਾਂ ਜੋ ਢੁੱਕਵਾਂ ਮੁਆਵਜ਼ਾ ਦੇਣ ਲਈ ਇਕਸਾਰ ਨੀਤੀ ਬਣਾਈ ਜਾ ਸਕੀ। Author: Malout Live