ਟੈਕਸ ਚੋਰੀ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ, ਸਰਕਾਰ ਨੇ ਤਿਆਰ ਕਰਵਾਇਆ ਸਾਫ਼ਟਵੇਅਰ
ਮਲੋਟ (ਪੰਜਾਬ): ਪੰਜਾਬ ਸਰਕਾਰ ਟੈਕਸ ਚੋਰੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਜਾ ਰਹੀ ਹੈ। ਟੈਕਸ ਚੋਰੀ ਕਰਨ ਵਾਲਿਆਂ ਲਈ ਸਾਫਟਵੇਅਰ ਤਿਆਰ ਕੀਤਾ ਗਿਆ ਹੈ ਜੋ ਟੈਕਸ ਚੋਰੀ ਕਰਨ ਵਾਲਿਆਂ ਦੀ ਚੋਰੀ ਤਾਂ ਫੜੇਗਾ ਹੀ ਨਾਲ ਦੀ ਨਾਲ ਸਰਕਾਰ ਨੂੰ ਇਹ ਜਾਣਕਾਰੀ ਵੀ ਦੇਵੇਗਾ ਕਿ ਉਸ ਟੈਕਸ ਚੋਰ ਨੇ ਕਿੰਨੇ ਰੁਪਏ ਦਾ ਟੈਕਸ ਚੋਰੀ ਕੀਤਾ ਅਤੇ ਅਜਿਹੇ ਲੋਕਾਂ ਖਿਲਾਫ਼ ਨੋਟਿਸ ਵੀ ਜਾਰੀ ਕਰੇਗਾ। ਸਰਕਾਰ ਨੇ ਟੈਕਸ ਚੋਰੀ ਕਰਨ ਵਾਲਿਆਂ ਦੀ ਰਿਕਵਰੀ ਲਈ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਤੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ਹਨ। ਡਾਟਾ ਫੀਡ ਹੁੰਦੇ ਹੀ ਇਹ ਸਾਫਟਵੇਅਰ ਸਰਕਾਰ ਨੂੰ ਉਨ੍ਹਾਂ ਲੋਕਾਂ ਬਾਰੇ ਜਾਣਕਾਰੀ ਦੇਵੇਗਾ ਜੋ ਸਮੇਂ ਸਿਰ ਟੈਕਸ ਨਹੀਂ ਭਰਦੇ ਜਾਂ ਟੈਕਸ ਚੋਰੀ ਕਰਦੇ ਹਨ।
ਇੱਕ ਵਿਅਕਤੀ ਦਾ ਕਿੰਨਾ ਟੈਕਸ ਬਣਦਾ ਹੈ, ਉਹ ਮੌਜੂਦਾ ਸਮੇਂ ਕਿੰਨਾ ਟੈਕਸ ਅਦਾ ਕਰ ਰਿਹਾ ਹੈ ਅਤੇ ਉਸ ਵੱਲ ਕਿੰਨਾ ਟੈਕਸ ਬਕਾਇਆ ਇਸ ਸਾਰਾ ਰਿਕਾਰਡ ਸਾਫਟਵੇਅਰ ਵਿੱਚ ਫੀਡ ਹੋਵੇਗਾ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਨ੍ਹਾਂ ਲੋਕਾਂ 'ਤੇ 1.5 ਲੱਖ ਰੁਪਏ ਤੱਕ ਦਾ ਟੈਕਸ ਬਕਾਇਆ ਹੈ ਜਾਂ 1.5 ਲੱਖ ਰੁਪਏ ਤੱਕ ਦਾ ਟੈਕਸ ਚੋਰੀ ਕੀਤਾ ਹੈ, ਇਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਕਰ ਵਿਭਾਗ ਦਾ ਇੰਸਪੈਕਟਰ ਜ਼ਿੰਮੇਵਾਰ ਹੋਵੇਗਾ। ਉਹ ਪਹਿਲਾਂ ਟੈਕਸ ਚੋਰੀ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕਰੇਗਾ। ਜੇਕਰ ਉਹ ਨੋਟਿਸ ਜਾਰੀ ਕਰਨ ਦੇ ਬਾਵਜੂਦ ਟੈਕਸ ਅਦਾ ਨਹੀਂ ਕਰਦੇ ਤਾਂ ਉਨ੍ਹਾਂ ਖਿਲਾਫ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਜਿਹੇ ਕਾਰੋਬਾਰੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਈ.ਟੀ.ਓ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। Author: Malout Live