ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਨੂੰ ਬਣਾਇਆ ਗਿਆ ਫੂਡ ਸੇਫਟੀ ਅਧੀਨ ਸੂਬੇ ਦਾ ਪਹਿਲਾ ਈਟ ਰਾਇਟ ਕੈਂਪਸ-ਡਾ. ਨਵਜੋਤ ਕੌਰ ਸਿਵਲ ਸਰਜਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ,ਜਿਸ ਤਹਿਤ ਸ਼੍ਰੀ ਅਭਿਨਵ ਤ੍ਰਿਖਾ ਆਈ.ਏ.ਐੱਸ. ਕਮਿਸ਼ਨਰ ਡਰੱਗ ਐਂਡ ਫੂਡ ਸੇਫਟੀ ਪੰਜਾਬ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਫੂਡ ਸੇਫਟੀ ਅਧੀਨ ਈਟ ਰਾਈਟ ਕੈਂਪਸ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਇਸ ਸਬੰਧ ਵਿਚ ਸਿਹਤ ਵਿਭਾਗ ਵੱਲੋਂ ਡਾ. ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਨੂੰ ਫੂਡ ਸੇਫਟੀ ਅਧੀਨ ਈਟ ਰਾਈਟ ਕੈਂਪਸ ਬਣਾਇਆ ਗਿਆ ਹੈ । ਜਿਸ ਵਿਚ ਸਿਵਲ ਹਸਪਤਾਲ ਵਿਖੇ ਚੱਲ ਰਹੀ ਕੰਟੀਨ ਅਤੇ ਸਿਵਲ ਹਸਪਤਾਲ ਦੇ ਕੈਂਪਸ ਨੂੰ ਈਟ ਰਾਇਟ ਕੈਂਪਸ ਬਣਾਉਣ ਸੰਬੰਧੀ ਲੋੜੀਂਦੇ ਪ੍ਰਬੰਧ ਕਰਵਾਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਦੁਪਿੰਦਰ ਕੁਮਾਰ ਜਿ਼ਲ੍ਹਾ ਸਿਹਤ ਅਫਸਰ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ
ਖਾਣ ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਲੈਣ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਮਿਲਾਵਟਖੋਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਹੋਟਲ, ਰੈਸਟੋਰੈਂਟ, ਸਵੀਟ ਸ਼ਾਪ, ਡੇਅਰੀਆਂ, ਬੇਕਰੀ, ਕਰਿਆਨਾ ਦੀਆਂ ਦੁਕਾਨਾ, ਫਾਸਟ ਫੂਡ, ਫਲਾਂ ਸਬਜੀਆਂ, ਸ਼ਰਾਬ ਦੇ ਠੇਕਿਆਂ ਅਤੇ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਦੀ ਚੈਕਿੰਗ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਸਤੂਆਂ ਦੇ ਮੌਕੇ ਤੇ ਸੈਂਪਲ ਲੈਕੇ ਜਾਂਚ ਲਈ ਭੇਜੇ ਜਾ ਰਹੇ ਹਨ।ਉਹਨਾਂ ਖਾਣ ਪੀਣ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਸ਼ੁੱਧ ਅਤੇ ਸਾਫ ਸੁਥਰੀਆਂ ਵਸਤੂਆਂ ਹੀ ਵੇਚਣ ਅਤੇ ਸਫਾਈ ਦਾ ਖਾਸ ਧਿਆਨ ਰੱਖਣ ਅਤੇ ਜੇਕਰ ਕਿਸੇ ਨੇ ਅਜੇ ਤੱਕ ਆਪਣੀ ਫੂਡ ਸੇਫਟੀ ਅਧੀਨ ਰਜਿਸਟਰੇਸ਼ਨ ਨਹੀ ਕਰਵਾਈ ਉਹ ਜਲਦ ਤੋਂ ਜਲਦ ਆਪਣੀ ਰਜਿਟ੍ਰੇਸ਼ਨ ਕਰਵਾ ਲੈਣ। Author: Malout Live