ਸਿਹਤ ਵਿਭਾਗ ਦੇ ਸਟਾਫ਼ ਨੂੰ ਪ੍ਰਜਣਨ ਅੰਗਾਂ ਨਾਲ ਸਬੰਧਿਤ ਰੋਗਾਂ ਸੰਬੰਧੀ ਕਰਵਾਈ ਗਈ ਦੋ ਦਿਨਾਂ ਟ੍ਰੇਨਿੰਗ

ਸ਼੍ਰੀ ਮੁਕਤਸਰ ਸਾਹਿਬ :- ਰਾਜ ਪੱਧਰ ਅਤੇ ਜ਼ਿਲ੍ਹਾ ਪੱਧਰ ਤੇ ਸਿਹਤ ਸਟਾਫ਼ ਨੂੰ ਸੈਂਸੇਟਾਈਜ਼ ਕਰਨ ਲਈ ਸਮੇਂ ਸਮੇਂ ਤੇ ਵੱਖ ਵੱਖ ਪ੍ਰੋਗ੍ਰਾਮਾਂ ਸਬੰਧੀ ਟ੍ਰੇਨਿੰਗਾਂ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਡਾ ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਰਹਿਨੁਮਾਈ ਵਿੱਚ ਅਤੇ ਡਾ ਕਿਰਨਦੀਪ ਕੌਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਦੇਖ ਰੇਖ ਵਿੱਚ ਦਫ਼ਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੰਮਾਊਂਟੀ ਹੈਲਥ ਅਫ਼ਸਰਾਂ ਅਤੇ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਦੀ ਪ੍ਰਜਣਨ ਅੰਗਾਂ ਸੰਬੰਧੀ ਰੋਗਾਂ ਦੀ 2 ਦਿਨਾਂ ਟ੍ਰੇਨਿੰਗ ਕਰਵਾਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ.ਰੰਜੂ ਸਿੰਗਲਾ ਸਿਵਲ ਸਰਜਨ ਨੇ ਦੱਸਿਆ ਕਿ ਇਸ ਟ੍ਰੇਨਿੰਗ ਦਾ ਮਕਸਦ ਪ੍ਰਜਣਨ ਅੰਗਾਂ ਸੰਬੰਧੀ ਬਿਮਾਰੀਆਂ ਦੀ ਜਲਦੀ ਪਹਿਚਾਣ ਕਰਕੇ ਉਹਨਾਂ ਦਾ ਜਲਦੀ ਇਲਾਜ ਕਰਨਾ ਹੈ ।

ਇਸ ਸੰਬੰਧੀ ਡਾ ਰੰਜੂ ਸਿੰਗਲਾ ਨੇ ਕਿਹਾ ਕਿ ਬਹੁਤੇ ਲੋਕ ਪ੍ਰਜਣਨ ਅੰਗਾਂ ਸਬੰਧੀ ਬਿਮਾਰੀਆਂ ਡਾਕਟਰ ਨੂੰ ਦੱਸਣ ਤੋਂ ਝਿਜਕਦੇ ਹਨ ਅਤੇ ਡਾਕਟਰੀ ਸਲਾਹ ਲੈਣ ਲਈ ਦੇਰੀ ਕਰਦੇ ਹਨ, ਜਿਸ ਕਰਕੇ ਕਈ ਗੰਭੀਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਜਿਸ ਨਾਲ ਔਰਤਾਂ ਵਿੱਚ ਬਾਂਝਪਣ ਅਤੇ ਐਕਟੋਪਿਕ ਪ੍ਰਗਨੈਂਸੀ ਹੋਣ ਦੀ ਸਮੱਸਿਆ ਆ ਸਕਦੀ ਹੈ। ਇਸ ਲਈ ਪ੍ਰਜਣਨ ਅੰਗਾਂ ਦੀ ਬਿਮਾਰੀਆਂ ਅਤੇ ਸੈਕਸ ਰੋਗਾਂ ਦੀ ਜਲਦੀ ਪਹਿਚਾਣ ਅਤੇ ਸਹੀ ਸਮੇਂ ਤੇ ਇਲਾਜ ਜਰੂਰੀ ਹੈ। ਡਾ ਆਲਮਜੀਤ ਸਿੰਘ ਚਮੜੀ ਰੋਗਾਂ ਦੇ ਮਾਹਿਰ ਨੇ ਹਾਈ ਰਿਸਕ ਆਬਾਦੀ ਦੀ ਪਹਿਚਾਣ ਕਰਕੇ 15 ਤੋਂ 18 ਸਾਲ ਦੇ ਕਿਸ਼ੋਰ ਅਤੇ ਕਿਸ਼ੋਰੀਆਂ ਵਿੱਚ ਅਸੁਰੱਖਿਅਤ ਸੈਕਸ ਸਬੰਧ ਕਾਰਣ ਹੋਣ ਵਾਲੇ ਰੋਗਾਂ ਬਾਰੇ ਟ਼ੇਨਿੰਗ ਦਿੱਤੀ ਗਈ ਅਤੇ ਸਿਹਤ ਕਰਮਚਾਰੀਆਂ ਨੂੰ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਪ੍ਰੇਰਿਤ ਕਰਕੇ ਮਾਹਿਰ ਡਾਕਟਰ ਕੋਲ ਲਿਆਉਣ ਲਈ ਕਿਹਾ ਗਿਆ। ਇਸ ਟ਼ੇਨਿੰਗ ਵਿੱਚ ਸਿਹਤ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੁਵਿਧਾਵਾਂ ਅਤੇ ਹਸਪਤਾਲਾਂ ਵਿੱਚ ਇਨ੍ਹਾਂ ਰੋਗਾਂ ਨਾਲ ਸਬੰਧਿਤ ਚਲਾਏ ਜਾ ਰਹੇ ਅਰਸ਼ ਕਲੀਨਿਕਾਂ ਬਾਰੇ ਵੀ ਦੱਸਿਆ ਗਿਆ। ਡਾ ਕਿਰਨਦੀਪ ਕੌਰ, ਡਾ ਸ਼ਤੀਸ਼ ਗੋਇਲ ਸੀਨੀਅਰ ਮੈਡੀਕਲ ਅਫ਼ਸਰ ਅਤੇ ਡਾ ਆਲਮਜੀਤ ਸਿੰਘ ਨੇ ਇਸ ਵਿਸ਼ੇ ਸੰਬੰਧੀ ਟ਼ੇਨਿੰਗ ਕਰਵਾਈ ਗਈ।