ਤੇਜ਼ ਆਵਾਜ਼ ਮਿਊਜ਼ਿਕ ਨਾਲ ਬੋਲ਼ੇ ਹੋ ਰਹੇ ਨੌਜਵਾਨ
ਇਸ ਵੇਲੇ ਨੌਜਵਾਨ ਪੀੜ੍ਹੀ ਵੱਲ ਧਿਆਨ ਦੇਣ ਦੀ ਕਾਫੀ ਲੋੜ ਹੈ। ਜਿੱਥੇ ਨੌਜਵਾਨ ਪੀੜ੍ਹੀ ਇੱਕ ਪਾਸੇ ਨਸ਼ੇ ਵੱਲ ਜਾ ਰਹੀ ਹੈ, ਉੱਧਰ ਹੀ ਦੂਜੇ ਪਾਸੇ ਸਿਹਤ ਨਾਲ ਵੀ ਮਜ਼ਾਕ ਹੀ ਕਰ ਰਹੇ ਹਨ। ਇਸ ‘ਚ ਸਭ ਤੋਂ ਵੱਧ ਖ਼ਤਰਾ ਦੇਸ਼ ‘ਚ ਵਧ ਰਹੀ ਬੋਲ਼ਿਆਂ ਦੀ ਗਿਣਤੀ ਹੈ। ਜੀ ਹਾਂ, ਦੇਸ਼ ‘ਚ ਇਸ ਵੇਲੇ ਬੋਲ਼ਿਆਂ ਦੀ ਗਿਣਤੀ ਕਰੀਬ ਸੱਤ ਲੱਖ ਤਕ ਪਹੁੰਚ ਚੁੱਕੀ ਹੈ ਜੋ ਲਗਾਤਾਰ ਵਧਦੀ ਜਾ ਰਹੀ ਹੈ।
ਇਸ ਦਾ ਮੁੱਖ ਕਾਰਨ ਹੈ ਵਧੇਰੇ ਸ਼ੋਰ-ਸ਼ਰਾਬਾ ਤੇ ਤੇਜ਼ ਆਵਾਜ਼ ‘ਚ ਹੈੱਡਫੋਨ ਨਾਲ ਗਾਣੇ ਸੁਣਨਾ ਜਿਸ ਨਾਲ 8 ਫੀਸਦ ਨੌਜਵਾਨਾਂ ਨੂੰ ਸੁਣਨ ‘ਚ ਦਿੱਕਤ ਆ ਰਹੀ ਹੈ। ਇਸ ਬਾਰੇ ਗੱਲ ਬੀਤੇ ਦਿਨੀਂ ਚੰਡੀਗੜ੍ਹ ਦੇ ਸੈਕਟਰ 16 ‘ਚ ‘ਬੈਸਟ ਸਾਉਂਡ ਸੈਂਟਰ’ ਦਾ ਉਦਘਾਟਨ ਕਰਨ ਆਏ ਡਾਕਟਰ ਕੇ ਰਾਜ ਲਕਸ਼ਮੀ ਨੇ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆ ‘ਚ ਭਾਰਤ 18ਵਾਂ ਅਜਿਹਾ ਦੇਸ਼ ਹੈ ਜਿੱਥੇ ਇਹ ਸਮੱਸਿਆ ਕਾਫੀ ਵਧ ਗਈ ਹੈ।
ਇਸ ਸਮੱਸਿਆ ਦਾ ਸਿੱਧੇ ਤੌਰ ‘ਤੇ ਜ਼ਿੰਮੇਵਾਰ ਸ਼ੋਰ ਪ੍ਰਦੂਸ਼ਣ ਹੈ ਜਿਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਵਧੇਰੇ ਲੋੜ ਹੈ। ਇਸ ਦੇ ਨਾਲ ਹੀ ਦੇਸ਼ ‘ਚ ਇਸ ਦੇ ਇਲਾਜ ਤੇ ਥ੍ਰੈਪੀ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਸ਼ਹਿਰਾਂ ‘ਚ ਜਿੱਥੇ ਇੰਡਸਟਰੀ ਏਰੀਆ ਹੈ, ਉੱਥੇ ਯੂਨਿਟਸ ‘ਚ ਸ਼ੋਰ ਪ੍ਰਦੂਸ਼ਣ 75 ਡੈਸੀਬਲ ਤੇ ਸ਼ਹਿਰੀ ਰਹਾਇਸ਼ੀ ਖੇਤਰਾਂ ‘ਚ 45 ਡੈਸੀਬਲ ਹੋਣਾ ਚਾਹੀਦਾ ਹੈ।