District NewsMalout News

ਤੰਬਾਕੂ ਦੇ ਸੇਵਨ ਨਾਲ ਦੰਦਾਂ ਤੇ ਪੈਦਾਂ ਹੈ ਸਭ ਤੋਂ ਵੱਧ ਬੁਰਾ ਪ੍ਰਭਾਵ- ਡਾ. ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਬਠਿੰਡਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਦੇ ਦੰਦਾਂ ਦੇ ਵਿਭਾਗ ਵਿੱਚ ਤੰਬਾਕੂ ਦੇ ਦੰਦਾਂ ਤੇਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਢਿੱਲੋਂ ਨੇ ਦੱਸਿਆ ਕਿ ਤੰਬਾਕੂ ਦੇ ਸੇਵਨ ਨਾਲ ਦੰਦਾਂ ਤੇ ਸਭ ਤੋਂ ਵੱਧ ਬੁਰਾ ਪ੍ਰਭਾਵ ਪੈਂਦਾ ਹੈ। ਡਾ. ਕਰਨ ਅਬਰੋਲ ਜ਼ਿਲ੍ਹਾ ਡੈਂਟਲ ਹੈੱਲਥ ਅਫ਼ਸਰ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਵਿਸ਼ਵ ਤੰਬਾਕੂ ਰਹਿਤ ਦਿਵਸ਼ ਦੇ ਅਧੀਨ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਸੰਬੰਧੀ ਸਿਵਲ ਹਸਪਤਾਲ ਦੇ ਦੰਦਾਂ ਦੇ ਵਿਭਾਗ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।

ਡਾ. ਅਬਰੋਲ ਨੇ ਦੱਸਿਆ ਕਿ ਸਾਰੇ ਤੰਬਾਕੂ ਉਤਪਾਦ ਮਨੁੱਖੀ ਸਰੀਰ ਲਈ ਹਾਨੀਕਾਰਕ ਹਨ। ਦੁਨੀਆਂ ਭਰ ਵਿੱਚ ਹੋਣ ਵਾਲੀਆਂ ਮੌਤਾਂ ਅਤੇ ਬਿਮਾਰੀਆਂ ਦਾ ਇੱਕ ਸਭ ਤੋਂ ਵੱਡਾ ਕਾਰਣ ਤੰਬਾਕੂ ਹੈ। ਤੰਬਾਕੂ ਚਬਾਉਣ ਨਾਲ ਮੂੰਹ ਦਾ ਕੈਂਸਰ ਹੋਣ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ । ਉਹਨਾਂ ਕਿਹਾ ਕਿ ਜੇ ਵਿਅਕਤੀ ਸਿਗਰਟਨੋਸ਼ੀ ਕਰਦਾ ਹੈ ਉਸ ਲਈ ਤਾਂ ਉਸਦਾ ਧੂੰਆਂ ਖਤਰਨਾਕ ਹੈ ਹੀ ਪਰੰਤੂ ਜੋ ਸਿਗਰਟਨੋਸ਼ੀ ਨਾ ਕਰਨ ਵਾਲਾ ਵਿਅਕਤੀ ਕੋਲ ਬੈਠਾ ਹੈ ਉਸਦੇ ਲਈ ਵੀ ਉਹ ਉਨਾਂ ਹੀ ਖਤਰਨਾਕ ਹੈ। ਮੂੰਹ ਦਾ ਕੈਂਸਰ ਜੀਭ ਨੂੰ ਜਾਂ ਬੁੱਲ੍ਹਾਂ ਤੋਂ ਸ਼ੁਰੂ ਹੋ ਕੇ ਹੱਡੀ ਨੂੰ ਆਪਣੀ ਚਪੇਟ ਵਿੱਚ ਲੈਂਦਾ ਹੈ ਇਸ ਲਈ ਇਸ ਤੋਂ ਦੂਰੀ ਬਣਾ ਕੇ ਅਸੀਂ ਜਿੰਦਗੀ ਨੂੰ ਸੌਖਾ ਬਣਾ ਸਕਦੇ ਹਾਂ। ਪਿਛਲੇ ਕੁੱਝ ਸਾਲਾਂ ਵਿੱਚ ਮੂੰਹ ਦੇ ਕੈਂਸਰ ਦੇ ਮਰੀਜ਼ ਕਾਫੀ ਵੱਧ ਗਏ ਹਨ। ਅਜੋਕੇ ਸਮੇ ਲੋੜ ਹੈ ਕਿ ਇੰਨ੍ਹਾਂ ਤੰਬਾਕੂ ਉਤਪਾਦਾਂ ਤੋਂ ਦੂਰ ਰਹਿ ਕੇ ਆਪਣੀ ਜਿੰਦਗੀ ਸੌਖੀ ਤਰ੍ਹਾਂ ਬਤਾਈ ਜਾਵੇ। ਇਸ ਮੌਕੇ ਡਾ. ਗਰੀਸ਼ ਦੁਆਰਾ ਦੰਦਾਂ ਦੀ ਸਾਂਭ ਸੰਭਾਲ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ।

Author : Malout Live

Back to top button