PSEB 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਂਵਾਂ ਲਈ ਵਿਦਿਆਰਥੀਆਂ ਦੇ ਰੋਲ ਨੰਬਰ ਹੋਏ ਜਾਰੀ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ, ਜਿੰਨ੍ਹਾਂ ਵਿੱਚ ਓਪਨ ਸਕੂਲ, ਕਾਰਗੁਜ਼ਾਰੀ ਸੁਧਾਰਨ ਲਈ ਵਾਧੂ ਵਿਸ਼ੇ ਅਤੇ ਰੀ-ਅਪੀਅਰ ਅਤੇ ਕੰਪਾਰਟਮੈਂਟ ਸ਼ਾਮਿਲ ਹਨ, ਦੀਆਂ ਪ੍ਰੀਖਿਆਵਾਂ 13 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ। ਇਨ੍ਹਾਂ ਪ੍ਰੀਖਿਆਵਾਂ ਲਈ ਸਾਰੇ ਉਮੀਦਵਾਰਾਂ ਦੇ ਰੋਲ ਨੰਬਰ (ਐਡਮਿਟ ਕਾਰਡ) ਸਕੂਲਾਂ ਦੀ ਲਾਗਇਨ ਆਈ.ਡੀ ਅਤੇ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਅਪਲੋਡ ਕਰ ਦਿੱਤੇ ਗਏ ਹਨ। ਸਾਰੇ ਸਕੂਲਾਂ ਦੇ ਮੁੱਖੀ ਆਪਣੇ ਸਕੂਲ ਨਾਲ ਸੰਬੰਧਿਤ ਰੈਗੂਲਰ ਅਤੇ ਓਪਨ ਸਕੂਲ ਦੇ ਉਮੀਦਵਾਰਾਂ ਦੇ ਰੋਲ ਨੰਬਰ ਤੁਰੰਤ ਸਕੂਲ ਦੀ ਲਾਗਇਨ ਆਈ.ਡੀ ਤੋਂ ਡਾਊਨਲੋਡ ਕਰਕੇ ਉਮੀਦਵਾਰਾਂ ਨੂੰ ਮੁਹੱਈਆ ਕਰਵਾਉਣਗੇ ਅਤੇ ਵਾਧੂ ਵਿਸ਼ਿਆਂ ਵਿੱਚ ਕਾਰਗੁਜ਼ਾਰੀ ਵਧਾਉਣ ਲਈ ਉਮੀਦਵਾਰ ਕੰਪਾਰਟਮੈਂਟ ਰੀ-ਅਪੀਅਰ ਇਮਤਿਹਾਨ ਵਿਚ ਸ਼ਾਮਿਲ ਹੋਣ ਵਾਲੇ ਆਪਣੇ ਰੋਲ ਨੰਬਰ ਸਾਂਝੇ ਕਰਨਗੇ।
ਵਿਦਿਆਰਥੀ ਸਿੱਖਿਆ ਬੋਰਡ ਦੀ ਵੈੱਬਸਾਈਟ ਤੋਂ ਰੋਲ ਨੰਬਰ ਡਾਊਨਲੋਡ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੋਈ ਵੱਖਰੀ ਰੋਲ ਨੰਬਰ ਸਲਿੱਪ (ਐਡਮਿਟ ਕਾਰਡ) ਡਾਕ ਰਾਹੀਂ ਨਹੀਂ ਭੇਜੀ ਜਾਵੇਗੀ। ਜੇਕਰ ਰੋਲ ਨੰਬਰ ਸਲਿੱਪ (ਐਡਮਿਟ ਕਾਰਡ) ਵਿੱਚ ਕੋਈ ਤਰੁੱਟੀ ਪਾਈ ਜਾਂਦੀ ਹੈ, ਤਾਂ ਉਸ ਤਰੁੱਟੀ ਨੂੰ ਦਰੁਸਤ ਕਰਵਾਉਣ ਲਈ ਸੰਬੰਧਿਤ ਉਮੀਦਵਾਰ 12 ਫਰਵਰੀ ਤੱਕ ਮੋਹਾਲੀ ਸਥਿਤ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। Author: Malout Live