ਰਾਸ਼ਟਰਪਤੀ ਭਵਨ 'ਚ ਵੀ ਕੋਰੋਨਾ ਵਾਇਰਸ ਨੇ ਦਿੱਤੀ ਦਸਤਕ
ਰਾਸ਼ਟਰਪਤੀ ਭਵਨ ਵਿਖੇ ਕੋਵਿਡ19 ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿਸਦੇ ਚਲਦੇ ਸਿਹਤ ਵਿਭਾਗ ਵੱਲੋਂ ਤਕਰੀਬਨ 125 ਪਰਿਵਾਰਾਂ ਨੂੰ ਸੈਲਫ਼-ਆਈਸੋਲੇਟ ਹੋਣ ਲਈ ਕਿਹਾ ਗਿਆ ਹੈ । ਉਕਤ ਇਲਾਕੇ ‘ਚ ਇੱਕ ਵੀ ਹੋਰ ਮਰੀਜ਼ ਨਾ ਪਾਏ ਜਾਣ ਦੀ ਸੂਰਤ ‘ਚ ਅਹਤਿਆਤ ਵਜੋਂ ਪਰਿਵਾਰਾਂ ਨੂੰ ਕੁਆਰੰਨਟੀਨ ਕੀਤਾ ਜਾ ਰਿਹਾ ਹੈ ।
ਸੂਤਰਾਂ ਮੁਤਾਬਿਕ ਰਾਸ਼ਟਰਪਤੀ ਭਵਨ ਅਸਟੇਟ ਕਵਾਟਰ ਦੇ ਨਿਵਾਸੀ ਦੇ ਇੱਕ ਰਿਸ਼ਤੇਦਾਰ ਦੀ ਮੌਤ ਹੋਈ ਸੀ , ਐਤਵਾਰ ਨੂੰ ਉਕਤ ਪੀੜਤ ਦਾ ਪਰਿਵਾਰ ਮ੍ਰਿਤਕ ਦੇ ਅੰਤਿਮ-ਸੰਸਕਾਰ ‘ਤੇ ਗਿਆ ਸੀ , ਜਿੱਥੇ ਹੋਰ ਵੀ ਲੋਕ ਮੌਜੂਦ ਸਨ । ਜਾਣਕਾਰੀ ਅਨੁਸਾਰ ਰਾਸ਼ਟਰਪਤੀ ਭਵਨ ‘ਚ ਕੰਮ ਕਰਨ ਵਾਲੇ ਸਫ਼ਾਈ ਕਰਮਚਾਰੀ ਦੀ ਨੂੰਹ ਕੋਰੋਨਾ ਪਾਜ਼ਿਟਿਵ ਪਾਈ ਗਈ ਹੈ । ਬੀਤੇ ਦਿਨੀਂ ਸਫ਼ਾਈ ਕਰਮੀ ਦੀ ਕੁੜਮਣੀ ਅਤੇ ਉਸਦੀ ਨੂੰਹ ਦੀ ਮਾਂ , ਜਿਸਦਾ ਕੋਰੋਨਾ ਵਾਇਰਸ ਦੀ ਚਪੇਟ ‘ਚ ਆਉਣ ਕਾਰਨ ਦਿਹਾਂਤ ਹੋ ਗਿਆ ਸੀ , ਉਸਦੇ ਸੰਸਕਾਰ ਤੇ ਸਫਾਈ ਕਰਮੀ ਦਾ ਪੂਰਾ ਪਰਿਵਾਰ ਗਿਆ ਸੀ , ਜਿਸ ਉਪਰੰਤ ਪਰਿਵਾਰ ਨੂੰ ਆਈਸੋਲੇਸ਼ਨ ‘ਤੇ ਭੇਜਿਆ ਗਿਆ ਅਤੇ ਉਹਨਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ । ਟੈਸਟ ਉਪਰੰਤ ਸਭ ਦੀ ਰਿਪੋਰਟ ਨੈਗੇਟਿਵ ਆਈ ਪਰ ਸਫ਼ਾਈ ਕਰਮਚਾਰੀ ਦੀ ਨੂੰਹ ਦੇ ਟੈਸਟ ਦੀ ਰਿਪੋਰਟ ਕੋਵਿਡ-19 ਪਾਜ਼ਿਟਿਵ ਆਈ ਹੈ, ਜਿਸਦੇ ਚਲਦੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਸਖ਼ਤੀ ਵਰਤੀ ਜਾ ਰਹੀ ਹੈ।