ਪੰਜਾਬ ਸਰਕਾਰ ਨੇ ਬਾਬੇ ਨਾਨਕ ਦੇ ਨਾਂ 'ਤੇ 11 ਯੂਨੀਵਰਸਿਟੀਆਂ 'ਚ ਚੇਅਰ ਸਥਾਪਤ ਕਰਨ ਦਾ ਕੀਤਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਈਰਾਨ ਸਮੇਤ 11 ਯੂਨੀਵਰਸਿਟੀਆਂ 'ਚ ਪਹਿਲੇ ਸਿੱਖ ਗੁਰੂ ਦੇ ਨਾਂ 'ਤੇ ਚੇਅਰ ਸਥਾਪਤ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਅੱਜ ਪੰਜਾਬ ਤਕਨੀਕੀ ਯੂਨੀਵਰਸਿਟੀ 'ਚ ਆਯੋਜਿਤ ਸਮਾਰੋਹ 'ਚ 11 ਯੂਨੀਵਰਸਟੀਆਂ ਦੀ ਹਾਜ਼ਰੀ 'ਚ ਮਹੱਤਵਪੂਰਨ ਐਲਾਨ ਕੀਤਾ ਹੈ। ਇਨ੍ਹਾਂ 11 ਯੂਨੀਵਰਸਿਟੀਆਂ 'ਚੋਂ 7 ਯੂਨੀਵਰਸਿਟੀਆਂ ਪੰਜਾਬ 'ਚ ਹਨ ਜਦੋਂਕਿ 3 ਯੂਨੀਵਰਸਿਟੀਆਂ ਦੇਸ਼ ਦੇ ਹੋਰ ਹਿੱਸਿਆਂ 'ਚ ਹਨ। ਯੂਨੀਵਰਸਿਟੀਆਂ 'ਚ ਸਥਾਪਤ ਹੋਣ ਵਾਲੀਆਂ ਚੇਅਰਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਖੋਜ ਹੋ ਸਕੇਗੀ। ਇਸ ਮੌਕੇ ਵਿਸ਼ਵ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਸਾਰ ਕਰਨ ਵਾਲੇ 400 ਪੰਜਾਬੀ ਵਿਦਵਾਨਾਂ ਨੂੰ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਮੁੱਖ ਮੰਤਰੀ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਿਰ ਕੀਤੀ ਕਿ ਪੰਜਾਬੀਆਂ ਨੇ ਸੂਬੇ ਤੇ ਦੇਸ਼ ਦਾ ਨਾਂ ਵਿਸ਼ਵ ਭਰ 'ਚ ਮਸ਼ਹੂਰ ਕੀਤਾ ਹੈ।