ਸਰਕਾਰ ਤੁਹਾਡੇ ਦੁਆਰ' ਤਹਿਤ ਸਬ-ਡਿਵੀਜ਼ਨ ਮਲੋਟ ਦੇ ਪਿੰਡਾਂ ਵਿੱਚ ਲਗਾਏ ਜਾਣਗੇ ਜਨ ਸੁਵਿਧਾ ਕੈਂਪ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਰਕਾਰ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਹੀ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ 'ਸਰਕਾਰ ਤੁਹਾਡੇ ਦੁਆਰਾ ਤਹਿਤ ਲੋਕ ਬਿਨ੍ਹਾਂ ਕਿਸੇ ਖੱਜਲ ਖੁਆਰੀ ਦੇ ਆਪਣੇ ਘਰਾਂ ਦੇ ਨੇੜੇ ਹੀ ਲੋਕ ਭਲਾਈ ਸਕੀਮਾਂ ਦਾ ਲਾਭ ਲੈ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਡਾ. ਸੰਜੀਵ ਕੁਮਾਰ ਐੱਸ.ਡੀ.ਐਮ ਮਲੋਟ ਨੇ ਦੱਸਿਆ ਕਿ ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸਾਂ ਤਹਿਤ ਸਬ-ਡਿਵੀਜ਼ਨ ਮਲੋਟ ਦੇ ਪਿੰਡਾਂ ਵਿੱਚ ਜਨ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇੰਨ੍ਹਾਂ ਸੁਵਿਧਾ ਕੈਂਪ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਵੀ ਸ਼ਮੂਲੀਅਤ ਕੀਤੀ ਜਾਵੇਗੀ।

ਉਹਨਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਜੁਲਾਈ ਨੂੰ ਮਲੋਟ ਦੇ ਪਿੰਡ ਰਾਮਨਗਰ ਖਜਾਨ ਸਿੰਘ ਵਿਖੇ, 17 ਜੁਲਾਈ ਪਿੰਡ ਵਿਰਕ ਖੇੜਾ, 24 ਜੁਲਾਈ ਪਿੰਡ ਔਲਖ ਵਿਖੇ, 31 ਜੁਲਾਈ ਨੂੰ ਪਿੰਡ ਝੋਰੜ ਵਿਖੇ ਬੀ.ਡੀ.ਪੀ.ਓ ਮਲੋਟ ਇਨ੍ਹਾਂ ਸੁਵਿਧਾ ਕੈਂਪ ਵਿੱਚ ਲੋਕਾਂ ਦੀ ਸਮੱਸਿਆਵਾਂ ਦਾ ਨਿਪਟਾਰਾ ਕਰਨਗੇ। ਇਸੇ ਤਰ੍ਹਾਂ 12 ਜੁਲਾਈ ਨੂੰ ਹਲਕਾ ਲੰਬੀ ਦੇ ਪਿੰਡ ਬਾਦਲ ਵਿਖੇ, 19 ਜੁਲਾਈ ਨੂੰ ਪਿੰਡ ਮਾਨ ਵਿਖੇ, 26 ਜੁਲਾਈ ਪਿੰਡ ਗੱਗੜ ਵਿਖੇ ਬੀ.ਡੀ.ਪੀ.ਓ ਲੰਬੀ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨਗੇ। ਉਹਨਾਂ ਦੱਸਿਆ ਕਿ ਇੰਨ੍ਹਾਂ ਜਨ ਸੁਵਿਧਾ ਕੈਂਪ ਵਿੱਚ ਜਿਹੜੀਆਂ ਮੁਸ਼ਕਿਲਾਂ/ਸਮੱਸਿਆਵਾਂ ਦਾ ਨਿਪਟਾਰਾ ਮੌਕੇ ਤੇ ਨਹੀਂ ਹੋ ਸਕਦਾ ਹੋਵੇਗਾ ਤਾਂ ਉਹਨਾਂ ਸਮੱਸਿਆਵਾਂ ਦਾ ਨਿਪਟਾਰਾ 15 ਦਿਨਾਂ ਦੇ ਅੰਦਰ-ਅੰਦਰ ਕੀਤਾ ਜਾਣਾ ਯਕੀਨੀ ਬਣਾਇਆ ਜਾਵੇਗਾ। Author : Malout Live