ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣਗੇ ਪੰਜਾਬ, ਮੁੱਲਾਂਪੁਰ ‘ਚ ਕੈਂਸਰ ਹਸਪਤਾਲ ਦਾ ਕਰਨਗੇ ਉਦਘਾਟਨ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੌਰੇ ‘ਤੇ ਹਨ। ਉਹ ਨਿਊ ਚੰਡੀਗੜ੍ਹ ਮੁੱਲਾਂਪੁਰ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ। ਉਨ੍ਹਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਨੇ ਇਸ ਵਾਰ ਮੋਹਾਲੀ ’ਚ ਸਖ਼ਤ ਪ੍ਰਬੰਧ ਕੀਤੇ ਹਨ। ਕੇਂਦਰ ਸਰਕਾਰ ਨੇ ਇਸ ਨੂੰ 660 ਕਰੋੜ ਦੀ ਲਾਗਤ ਨਾਲ ਬਣਾਇਆ ਹੈ। 300 ਬਿਸਤਰਿਆਂ ਦੀ ਸਮਰੱਥਾ ਵਾਲਾ ਇਹ ਹਸਪਤਾਲ ਕੈਂਸਰ ਦੇ ਇਲਾਜ ਸੰਬੰਧੀ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਿਊ ਚੰਡੀਗੜ੍ਹ-ਮੋਹਾਲੀ ਵਿੱਚ ਬਣੇ ਇਸ ਹਸਪਤਾਲ ਦੇ ਉਦਘਾਟਨ ਤੋਂ ਬਾਅਦ ਜਨ ਸਭਾ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦੀ ਇਸ ਫੇਰੀ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਹਸਪਤਾਲ ਦੇ ਆਸ-ਪਾਸ ਦੇ ਇਲਾਕਿਆਂ ਨੂੰ ਸੀਲ ਕੀਤਾ ਜਾ ਚੁੱਕਿਆ ਹੈ। ਹਸਪਤਾਲ ਦੇ ਬਾਹਰ ਪੰਜਾਬ ਪੁਲਿਸ ਅਤੇ ਅੰਦਰ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਨੇ ਸਿਕਓਰਿਟੀ ਨੇ ਜ਼ਿੰਮੇਵਾਰੀ ਸੰਭਾਲ ਲਈ ਹੈ। ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੇ ਮੱਦੇਨਜ਼ਰ ਹਸਪਤਾਲ ਦਾ 2 ਕਿਲੋਮੀਟਰ ਤੱਕ ਦਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ। ਇਲਾਕੇ ਵਿੱਚ ਧਾਰਾ 144 ਲਗਾ ਕੇ ਨੋ ਫਲਾਈ ਜ਼ੋਨ ਐਲਾਨ ਦਿੱਤਾ ਗਿਆ ਹੈ। ਇਸ ਦੌਰਾਨ ਕਿਸੇ ਵੀ ਵਿਅਕਤੀ ਨੂੰ ਬਿਨ੍ਹਾਂ ਵੈਲਿਡ ਪਾਸ ਦੇ ਹਸਪਤਾਲ ਵੱਲ ਜਾਣ ਦੀ ਆਗਿਆ ਨਹੀਂ ਹੈ। Author: Malout Live