ਮਹਾਰਾਜਾ ਰਣਜੀਤ ਸਿੰਘ ਕਾਲਜ ਦੇ ਵਿਦਿਆਰਥੀ ਨੇ ਭਾਰਤ ਸਕਾਊਟ ਐਂਡ ਗਾਇਡ ਦੇ ਰਾਸ਼ਟਰੀ ਕੈਂਪ ਵਿੱਚ ਲਿਆ ਹਿੱਸਾ

ਮਲੋਟ:- ਇਲਾਕੇ ਦੀ ਨਾਮਵਾਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਬੀ.ਏ ਭਾਗ ਤੀਜਾ ਦੇ ਵਿਦਿਆਰਥੀ ਮਨਦੀਪ ਰਾਮ ਨੇ ਰਾਸ਼ਟਰੀ ਪੱਧਰ ਦੇ ਭਾਰਤ ਸਕਾਊਟ ਐਂਡ ਗਾਇਡ ਕੈਂਪ ਵਿੱਚ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਇਹ ਕੈਂਪ ਭਾਰਤ ਸਕਾਊਟ ਐਂਡ ਗਾਈਡ ਵੱਲੋਂ ਰੋਵਰ ਅਵਾਰਡ ਲਈ ਭਾਰਤ ਦੇ ਅਲੱਗ-ਅਲੱਗ ਸੂਬਿਆਂ ਵਿੱਚ ਅਯੋਜਿਤ ਕੀਤਾ ਜਾਂਦਾ ਹੈ। ਇਸ ਵਾਰ ਇਹ ਕੈਂਪ ਸਕਾਊਟ ਐਂਡ ਗਾਇਡ ਦੇ ਸੈਂਟਰ ਤਾਰਾ ਦੇਵੀ ਸ਼ਿਮਲਾ ਵਿੱਚ 25 ਮਾਰਚ 2022 ਤੋਂ 27 ਮਾਰਚ 2022 ਤੱਕ ਲੱਗਿਆ। ਤਿੰਨ ਦਿਨਾਂ ਤੱਕ ਚੱਲੇ ਇਸ ਰਾਸ਼ਟਰੀ ਪੱਧਰ ਦੇ ਰਾਸ਼ਟਰਪਤੀ ਅਵਾਰਡ ਟੈਸਟਿੰਗ ਕੈਂਪ ਵਿੱਚ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਵਿਦਿਆਰਥੀ ਮਨਦੀਪ ਰਾਮ ਨੇ ਹਿੱਸਾ ਲਿਆ ਅਤੇ ਸਫ਼ਲਤਾ ਪੂਰਵਕ ਕੈਂਪ ਨੂੰ ਪੂਰਾ ਕੀਤਾ, ਜਿਸ ਵਿੱਚ ਭਾਰਤ ਦੇ ਅਲੱਗ-ਅਲੱਗ ਸੂਬਿਆਂ ਤੋਂ ਲਗਭਗ 2000 ਵਿਦਿਆਰਥੀਆਂ ਨੇ ਹਿੱਸਾ ਲਿਆ। ਰਾਸ਼ਟਰਪਤੀ ਰੋਵਰ ਅਵਾਰਡ ਲਈ ਚੋਣ ਲਈ ਸਕਾਊਟ ਐਂਡ ਗਾਇਡ ਵੱਲੋਂ ਲਿਖਤੀ ਅਤੇ ਪ੍ਰੈਕਟੀਕਲ ਇਮਤਿਹਾਨ ਲਏ ਜਾਂਦੇ ਹਨ, ਇਸ ਇਮਤਿਹਾਨ ਵਿੱਚ ਪਾਸ ਹੋਏ ਵਿਦਿਆਰਥੀਆਂ ਦੀ ਇੰਟਰਵਿਊ ਕੀਤੀ ਜਾਂਦੀ ਹੈ। ਇਸ ਉਪਰੰਤ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਵਿੱਚੋਂ ਪਾਸ ਹੋਣ ਵਾਲੇ ਵਿਦਿਆਰਥੀ ਰੋਵਰ ਅਵਾਰਡ ਲਈ ਚੁਣੇ ਜਾਂਦੇ ਹਨ।

ਇਹਨਾਂ ਚੁਣੇ ਹੋਏ ਵਿਦਿਆਰਥੀਆਂ ਨੂੰ ਰਾਸ਼ਟਰਪਤੀ ਭਵਨ ਜਾਣ ਦਾ ਮੌਕਾ ਮਿਲਦਾ ਹੈ ਅਤੇ ਰਾਸ਼ਟਰਪਤੀ ਦੁਆਰਾ ਰੋਵਰ ਅਵਾਰਡ ਅਤੇ ਸਰਟੀਫਿਕੇਟ ਦਿੱਤਾ ਜਾਂਦਾ ਹੈ। ਕਾਲਜ ਪਹੁੰਚਣ ਤੇ ਕਾਲਜ ਦੀ ਮੈਨੇਜਮੈਂਟ, ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀਆਂ ਨੇ ਮਨਦੀਪ ਰਾਮ ਦਾ ਨਿੱਘਾ ਸਵਾਗਤ ਕੀਤਾ। ਮੈਨੇਜਮੈਂਟ ਚੇਅਰਮੈਨ ਮਨਦੀਪ ਸਿੰਘ ਬਰਾੜ, ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ, ਖਜ਼ਾਚਨੀ ਦਲਜਿੰਦਰ ਸਿੰਘ ਸੰਧੂ, ਸਕੱਤਰ ਪ੍ਰਿਤਪਾਲ ਸਿੰਘ ਗਿੱਲ ਨੇ ਮਨਦੀਪ ਰਾਮ ਦੀ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਪ੍ਰਿੰਸੀਪਲ ਡਾ.ਰਜਿੰਦਰ ਸਿੰਘ ਸੇਖੋਂ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਦਿੱਤੇ ਜਾਂਦੇ ਮਹੱਤਵ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਸੇਖੋਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਲਈ ਕਾਲਜ ਹਮੇਸ਼ਾ ਵਚਨਬੱਧ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਰਹੇਗਾ। ਡਾ. ਸੇਖੋਂ ਨੇ ਕਿਹਾ ਕਿ ਸਾਡੇ ਵਿਦਿਆਰਥੀਆਂ ਵਿੱਚ ਅਥਾਹ ਹੁਨਰ ਅਤੇ ਕਾਬਲੀਅਤ ਹੈ, ਲੋੜ ਹੈ ਉਸ ਹੁਨਰ ਨੂੰ ਪਹਿਚਾਨਣ ਦੀ ਅਤੇ ਸਹੀ ਦਿਸ਼ਾ ਦੇਣ ਦੀ। ਕਾਲਜ ਮੈਨੇਜਮੈਂਟ, ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਮਨਦੀਪ ਰਾਮ ਦੀ ਇਸ ਉਪਲੱਬਧੀ ਲਈ ਮੁਬਾਰਕ ਦਿੱਤੀ ਅਤੇ ਰੋਵਰ ਅਵਾਰਡ ਲਈ ਚੁਣੇ ਜਾਣ ਲਈ ਕਾਮਨਾ ਕੀਤੀ।