ਸਿਹਤ ਵਿਭਾਗ ਵੱਲੋਂ ‘ਲੈਪਰੋਸੀ ਵਿਰੋਧੀ ਦਿਵਸ’ ਤੇ ਕੁਸ਼ਟ ਆਸ਼ਰਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਦਿੱਤੀਆਂ ਗਈਆਂ ਦਵਾਈਆਂ ਅਤੇ ਹੋਰ ਸਮਾਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਿਹਤ ਵਿਭਾਗ ਵੱਲੋਂ ਕੁਸ਼ਟ ਰੋਗ ਨੂੰ ਖਤਮ ਲਈ ਚਲਾਏ ਜਾ ਰਹੇ ‘ਲੈਪਰੋਸੀ ਈਰੈਡੀਕੇਸ਼ਨ ਪ੍ਰੋਗਰਾਮ’ ਅਧੀਨ ‘ਲੈਪਰੋਸੀ ਵਿਰੋਧੀ ਦਿਵਸ’ ਦੇ ਸੰਬੰਧ ਵਿੱਚ ਡਾ. ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਕੁਸ਼ਟ ਆਸ਼ਰਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਸਿਹਤ ਵਿਭਾਗ ਦੇ ਅਧਿਕਾਰੀ, ਕਰਮਚਾਰੀ ਅਤੇ ਕੁਸ਼ਟ ਆਸ਼ਰਮ ਵਾਸੀ ਸ਼ਾਮਿਲ ਹੋਏ। ਇਸ ਮੌਕੇ ਡਾ. ਆਲਮਜੀਤ ਸਿੰਘ ਜਿਲ੍ਹਾ ਲੈਪਰੋਸੀ ਅਫ਼ਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਸ਼ਟ ਰੋਗ ਪੂਰੀ ਤਰ੍ਹਾਂ ਇਲਾਜਯੋਗ ਹੈ। ਜੇਕਰ ਕਿਸੇ ਵਿਅਕਤੀ ਦੀ ਚਮੜੀ ਤੇ ਤਾਂਬੇ ਰੰਗ ਦੇ ਸੁੰਨ ਧੱਬੇ, ਚਮੜੀ ਦਾ ਸੁੰਨਾਪਣ, ਨਸਾਂ ਮੋਟੀਆਂ ਅਤੇ ਸਖਤ, ਚਮੜੀ ਤੇ ਠੰਡੇ ਅਤੇ ਗਰਮ ਦਾ ਭੇਦ ਨਾ ਲੱਗਣਾ, ਨਾ ਠੀਕ ਹੋਣ ਵਾਲੇ ਜਖਮ ਹੋ ਜਾਣ ਤਾਂ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਵਿਖੇ ਜਾ ਕੇ ਆਪਣਾ ਚੈਕਅੱਪ ਕਰਵਾਉਣਾ ਚਾਹੀਦਾ ਹੈ।

ਇਸ ਮੌਕੇ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕੁਸ਼ਟ ਰੋਗੀਆਂ ਦੀ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਕੁਸ਼ਟ ਆਸ਼ਰਮ ਵਾਸੀ ਅਤੇ ਮਰੀਜ਼ਾਂ ਨੂੰ ਲੋੜੀਂਦੀਆਂ ਪੱਟੀਆਂ, ਦਵਾਈਆਂ ਅਤੇ ਹੋਰ ਲੋੜੀਂਦਾ ਸਮਾਨ ਦਿੱਤਾ ਗਿਆ। ਇਸ ਮੌਕੇ ਲਾਲ ਚੰਦ ਜਿਲ੍ਹਾ ਸਿਹਤ ਇੰਸਪੈਕਟਰ, ਸੰਦੀਪ ਕੁਮਾਰ ਸੁਪਰਵਾਇਜ਼ਰ ਅਤੇ ਸਿਹਤ ਸਟਾਫ ਹਾਜਰ ਸੀ। Author: Malout Live