ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵੱਲੋਂ domestic violence ਆਨ ਲਾਈਨ ਡੀਬੇਟ ਦਾ ਅਯੋਜਨ
ਮਲੋਟ :- ਇਲਾਕੇ ਦੀ ਨਾਮਵਾਰ ਸਹਿ ਵਿਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਸਮਾਜ ਸ਼ਾਸ਼ਤਰ ਵਿਭਾਗ ਵੱਲੋਂ " ਘਰੇਲੂ ਹਿੰਸਾ " ਵਿਸ਼ੇ ਉੱਪਰ ਆਨ ਲਾਈਨ ਡੀਬੇਟ ਦਾ ਅਯੋਜਨ ਕੀਤਾ ਗਿਆ । ਇਸ ਪ੍ਰਤੀਯੋਗਤਾ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ । ਲਗਭਗ ਤੀਹ ਵਿਦਿਆਰਥੀਆਂ ਨੇ ਘਰੇਲੂ ਹਿੰਸਾ ਦੇ ਪੱਖ ਅਤੇ ਵਿਪੱਖ ਵਿੱਚ ਆਪਣੇ ਵਿਚਾਰ ਰੱਖਦਿਆਂ ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ । ਸਮਾਜ ਸ਼ਾਸ਼ਤਰ ਵਿਭਾਗ ਮੁੱਖੀ ਪ੍ਰੋਫੈਸਰ ਨਵਪ੍ਰੀਤ ਕੌਰ ਨੇ ਆਨ ਲਾਇਨ ਡੀਬੇਟ ਦਾ ਆਗ਼ਾਜ਼ ਕਰਦਿਆਂ ਪਰਿਵਾਰਕ ਹਿੰਸਾ ਦੇ ਕਾਰਨਾਂ ਤੇ ਚਾਨਣਾ ਪਾਇਆ । ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਸਮਾਜ ਵਿੱਚ ਦਿਨ ਬਾ ਦਿਨ ਵੱਧ ਰਹੀਆਂ ਘਰੇਲੂ ਕਲੇਸ਼ ਦੀਆਂ ਘਟਨਾਵਾਂ ਪ੍ਰਤੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸਮਾਜ ਦੀ ਮੁੱਢਲੀ ਇਕਾਈ ਪਰਿਵਾਰ ਲਗਾਤਾਰ ਟੁੱਟ ਰਹੇ ਹਨ । ਸੰਯੁਕਤ ਪਰਿਵਾਰ ਦੀ ਥਾਂ ਛੋਟੇ ਅਤੇ ਇਕਹਿਰੇ ਪਰਿਵਾਰਾਂ ਨੇ ਲੈ ਲਈ ਹੈ । ਜਿਸ ਨਾਲ ਸਮਾਜ ਵਿੱਚ ਭਾਈਚਾਰਕ ਸਾਂਝ ਦਾ ਆਭਾਵ ਮਹਿਸੂਸ ਕੀਤਾ ਜਾ ਸਕਦਾ ਹੈ । ਕਾਲਜ ਦੀ ਵਿਦਿਆਰਥਣ ਸ਼ੀਨੂੰ ਨੇ ਘਰੇਲੂ ਹਿੰਸਾ ਦੇ ਪ੍ਰਕਾਰ ਦੱਸਦਿਆਂ ਇਸ ਸੰਬੰਧੀ ਬਚਾਅ ਅਤੇ ਕਾਨੂੰਨੀ ਰੱਖਿਆ ਬਾਰੇ ਆਪਣੇ ਵਿਚਾਰ ਪੇਸ਼ ਕੀਤੇ । ਸ਼ੀਨੂੰ ਨੇ ਦੱਸਿਆ ਕਿ ਘਰੇਲੂ ਹਿੰਸਾ ਸਰੀਰਕ , ਮਾਨਸਿਕ , ਭਾਵਨਾਤਮਕ ਆਦਿ ਪ੍ਰਕਾਰ ਦੀ ਹੋ ਸਕਦੀ ਹੈ । ਗੀਤਾ ਕਟਾਰੀਆ ਨੇ ਭਾਰਤ ਵਿੱਚ ਸਮੇਂ ਸਮੇਂ ਤੇ ਅਲੱਗ ਅਲੱਗ ਸੂਬਿਆਂ ਵਿੱਚ ਦਿੱਤੇ ਗਏ ਹਾਈ ਕੋਰਟ ਵੱਲੋਂ ਫੈਸਲਿਆਂ ਦੇ ਹਵਾਲੇ ਨਾਲ ਘਰੇਲੂ ਹਿੰਸਾ ਦੇ ਵਿਰੁੱਧ ਕਾਨੂੰਨੀ ਪ੍ਰਕਿਰਿਆ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ ।
ਜਸਪ੍ਰੀਤ ਸ਼ਰਮਾਂ ਨੇ ਘਰੇਲੂ ਹਿੰਸਾ ਦੇ ਕਾਰਨ ਔਰਤ ਦੀ ਸਮਾਜਿਕ ਦਸ਼ਾ , ਦਹੇਜ ਦੀ ਪ੍ਰਥਾ ਅਤੇ ਅਨਪੜ੍ਹਤਾ ਦੱਸਿਆ । ਸ਼ਰਮਾਂ ਦਾ ਕਹਿਣਾ ਹੈ ਕਿ ਘਰੇਲੂ ਹਿੰਸਾ ਦਾ ਔਰਤ ਦਾ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਵੀ ਇੱਕ ਕਾਰਨ ਹੈ । ਜੋਬਨਮੀਤ ਸਿੰਘ ਨੇ ਘਰੇਲੂ ਹਿੰਸਾ ਪ੍ਰਤੀ ਚਿੰਤਾ ਜ਼ਾਹਿਰ ਕਰਦਿਆਂ ਦੱਸਿਆ ਕਿ ਭਾਰਤ ਵਿੱਚ ਹਰ ਤਿੰਨ ਮਿੰਟ ਬਾਅਦ ਘਰੇਲੂ ਹਿੰਸਾ ਦਾ ਇੱਕ ਕੇਸ ਦਰਜ ਹੋ ਰਿਹਾ ਹੈ ਜਦਕਿ ਵਿਆਹੁਤਾ ਔਰਤ ਨਾਲ ਹਰ ਛੇ ਮਿੰਟ ਬਾਅਦ ਕੁਟ ਮਾਰ ਕੀਤੀ ਜਾਣ ਦੇ ਕੇਸ ਦਰਜ ਹੋ ਰਹੇ ਹਨ । ਇਹ ਸਥਿਤੀ ਅਤੀ ਗੰਭੀਰ ਹੈ । ਇਸ ਤਰ੍ਹਾਂ ਦੇ ਆਮਾਨਵੀ ਵਰਤਾਰੇ ਨੂੰ ਰੋਕਣ ਲਈ ਨੌਜਵਾਨਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ । ਇਸ ਮੌਕੇ ਕਾਲਜ ਮਨੈਂਜਮੈਂਟ ਕਮੇਟੀ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ , ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀ ਵਾਲਾ , ਪ੍ਰਬੰਧਕੀ ਸਕੱਤਰ ਦਲਜਿੰਦਰ ਸਿੰਘ ਬਿੱਲਾ ਸੰਧੂ , ਸਕੱਤਰ ਪਿਰਤਪਾਲ ਸਿੰਘ ਗਿੱਲ ਨੇ ਜੇਤੂ ਪ੍ਰਤੀਯੋਗੀਆਂ ਨੂੰ ਮੁਬਾਰਕਬਾਦ ਦਿੱਤੀ । ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਦੁਆਰਾ ਕੀਤੇ ਇਸ ਉਪਰਾਲੇ ਸ਼ਲਾਘਾ ਕਰਦਿਆਂ ਚੇਅਰਮੈਨ ਮਨਦੀਪ ਸਿੰਘ ਬਰਾੜ ਨੇ ਅੱਜ ਦੇ ਪਰਿਵਾਰਕ ਹਾਲਾਤ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਸਾਡਾ ਸਮਾਜ , ਸਾਡੇ ਪਰਿਵਾਰ ਲਗਾਤਾਰ ਟੁੱਟਦੇ ਜਾ ਰਹੇ ਹਨ । ਲਖਵਿੰਦਰ ਸਿੰਘ ਰੋਹੀ ਵਾਲਾ ਨੇ ਸਮਾਜ ਦੇ ਇਸ ਅਤੀ ਸੰਵੇਦਨਸ਼ੀਲ ਵਿਸ਼ੇ ਉੱਪਰ ਵਿਚਾਰ ਚਰਚਾ ਕਰਵਾਏ ਜਾਣ 'ਤੇ ਪ੍ਰਿੰਸੀਪਲ ਡਾ.ਰਜਿੰਦਰ ਸਿੰਘ ਸੇਖੋਂ , ਪ੍ਰੋ. ਨਵਪ੍ਰੀਤ ਕੌਰ ਅਤੇ ਸਮੂਹ ਸਟਾਫ ਨੂੰ ਮੁਬਾਰਕਬਾਦ ਦਿੱਤੀ । ਰੋਹੀ ਵਾਲਾ ਨੇ ਕਿਹਾ ਕਿ ਸਾਡੀ ਸਭ ਦੀ ਜਿੰਮੇਵਾਰੀ ਬਣਦੀ ਹੈ ਕਿ ਸਮਾਜ ਵਿੱਚ ਸਿਹਤਮੰਦ ਅਤੇ ਭਾਈਚਾਰੇ ਦੀ ਭਾਵਨਾ ਭਰਪੂਰ ਸੁਨੇਹਾ ਦਾ ਪ੍ਰਚਾਰ ਅਤੇ ਪ੍ਰਸਾਰ ਕਰੀਏ ।