ਸ਼੍ਰੀ ਮੁਕਤਸਰ ਸਾਹਿਬ ਪੁਲਿਸ ਦੁਆਰਾ ਭਾਰੀ ਮਾਤਰਾ ਵਿੱਚ ਕੀਤੇ ਗਏ ਨਸ਼ੀਲੇ ਪਦਾਰਥ ਨਸ਼ਟ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅੰਦਰ ਬੀਤੇ ਸਮੇਂ ਵਿੱਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋਂ ਨੂੰ ਖਤਮ ਕਰਨ ਲਈ ਪੁਲਿਸ ਵਿਭਾਗ ਵੱਲੋਂ ਸਿਰ ਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆ ਹਨ। ਇਸ ਮਕਸਦ ਦੀ ਪੂਰਤੀ ਲਈ ਜਿਲ੍ਹਾ ਪੁਲਿਸ ਮੁੱਖੀ ਸ. ਉਪਿੰਦਰਜੀਤ ਸਿੰਘ ਘੁੰਮਣ ਆਈ.ਪੀ.ਐੱਸ ਆਪਣੀ ਖੁੱਦ ਦੀ ਕਮਾਂਡ ਹੇਠ ਇੱਕ ਵਿਸ਼ੇਸ਼ ਰਣਨੀਤੀ ਬਣਾ ਕੇ ਜਿਲ੍ਹਾ ਭਰ ਦੇ ਥਾਣਾ ਮੁੱਖੀਆਂ ਅਤੇ ਗਜ਼ਟਿਡ ਪੁਲਿਸ ਅਫਸਰਾਂ ਨੂੰ ਸਮੇਂ-ਸਮੇਂ ਦਿਸ਼ਾਂ-ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ। ਇਸ ਦੇ ਸਿੱਟੇ ਵਜੋਂ ਪਿਛਲੇ ਕੁੱਝ ਸਮੇਂ ਅੰਦਰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਬ੍ਰਾਮਦਗੀ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਭਾਵੇਂ ਕਿ ਜਿਲ੍ਹਾ ਪੁਲਿਸ ਵੱਲੋਂ ਬ੍ਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਬਕਾਇਦਾ ਸੀਲ ਬੰਦ ਪਾਰਸਲਾਂ ਅਤੇ ਉੱਚ ਪੱਧਰ ਸੁਰੱਖਿਆ ਅਤੇ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ ਅਤੇ ਇਸ ਪ੍ਰਕਾਰ ਸਟੋਰ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਵਿਭਾਗ ਦੇ ਸੀਨੀਅਰ ਅਫਸਰਾਂ ਵੱਲੋਂ ਸਮੇਂ-ਸਮੇਂ ਚੈੱਕ ਵੀ ਕੀਤਾ ਜਾਂਦਾ ਹੈ, ਪ੍ਰੰਤੂ ਇੰਨ੍ਹਾ ਨਸ਼ੀਲੇ ਪਦਾਰਥਾਂ ਨੂੰ ਅਦਾਲਤੀ ਪ੍ਰਤੀਕ੍ਰਿਆ ਵਿੱਚ ਗੁਜ਼ਰਨ ਤੋਂ ਬਾਅਦ ਨਸ਼ਟ ਕਰਨਾ ਵੀ ਜਰੂਰੀ ਹੋ ਜਾਂਦਾ ਹੈ।
ਇਸ ਸੰਬੰਧੀ ਸਮੇਂ-ਸਮੇਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਲੋੜੀਂਦੇ ਦਿਸ਼ਾਂ-ਨਿਰਦੇਸ਼ ਤਹਿਤ ਇੱਕ ਕਮੇਟੀ ਬਣਾਈ ਗਈ ਅਤੇ ਐੱਨ.ਡੀ.ਪੀ.ਐੱਸ ਨਾਲ ਸੰਬੰਧਿਤ ਮੁਕੱਦਮਿਆਂ ਦਾ ਮਾਲ ਯੂਨੀਵਰਸਲ ਬਾਇਓਮਾਂਸ ਪਲਾਂਟ ਪਿੰਡ ਚੰਨੂ ਵਿਖੇ ਨਸ਼ਟ ਕੀਤਾ ਗਿਆ ਹੈ। ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਇਸ ਪ੍ਰਕੀਰਿਆ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ। ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਲਈ ਬਣਾਈ ਗਈ ਕਮੇਟੀ ਵਿੱਚ ਸ. ਉਪਿੰਦਰਜੀਤ ਸਿੰਘ ਘੁੰਮਣ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ, ਸ. ਗੁਰਚਰਨ ਸਿੰਘ ਗੁਰਾਇਆ ਕਪਤਾਨ ਪੁਲਿਸ (ਡੀ) ਸ਼੍ਰੀ ਮੁਕਤਸਰ ਸਾਹਿਬ ਅਤੇ ਸ਼੍ਰੀ ਸਰਬਜੀਤ ਸਿੰਘ ਉਪ-ਕਪਤਾਨ ਪੁਲਿਸ (ਡੀ) ਫਰੀਦਕੋਟ ਹਨ। ਜਿਨ੍ਹਾਂ ਦੀ ਨਿਗਰਾਨੀ ਹੇਠਪਾਰਦਰਸ਼ੀ ਪ੍ਰਕਿਰਿਆ ਰਾਹੀਂ ਮਾਲ ਮੁਕੱਦਮੇ ਨੂੰ ਨਸ਼ਟ ਕੀਤਾ ਕੀਤਾ ਗਿਆ। ਇਸ ਮੌਕੇ ਕੁੱਲ 41 ਐੱਨ.ਡੀ.ਪੀ.ਐੱਸ ਦੇ ਮੁਕੱਦਮਿਆਂ ਦਾ ਮਾਲ ਜਿਸ ਵਿੱਚ 641.75 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ, 0.135 ਗ੍ਰਾਮ ਹੈਰੋਇਨ, 200 ਗ੍ਰਾਮ ਗਾਂਜਾ, 18430 ਨਸ਼ੀਲੀਆਂ ਗੋਲੀਆਂ, 196 ਨਸ਼ੇ ਵਾਲੀ ਦਵਾਈ ਦੀ ਸ਼ੀਸ਼ੀਆ ਨੂੰ ਨਸ਼ਟ ਕੀਤਾ ਕੀਤਾ ਗਿਆ। Author: Malout Live