ਜਲਿਆਂਵਾਲਾ ਬਾਗ 2 ਮਹੀਨਿਆਂ ਲਈ ਬੰਦ
ਅੰਮ੍ਰਿਤਸਰ : ਇਤਿਹਾਸਕ ਜਲਿਆਂਵਾਲੇ ਬਾਗ ਨੂੰ ਕੇਂਦਰ ਸਰਕਾਰ ਵੱਲੋਂ ਪਹਿਲੀ ਵਾਰ ਦੋ ਮਹੀਨਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਇੱਥੇ ਪਹੁੰਚਣ ਵਾਲੇ ਸੈਲਾਨੀਆਂ ‘ਚ ਇਸ ਗੱਲ ਨੂੰ ਲੈ ਕੇ ਰੋਸ ਵੀ ਪਾਇਆ ਜਾ ਰਿਹਾ ਹੈ। ਇਸ ਦੇ ਸਾਕੇ ਦੇ 100 ਵਰ੍ਹੇ ਪੂਰੇ ਹੋਣ ਨਾਲ ਇਸ ‘ਤੇ 20 ਕਰੋੜ ਰੁਪਏ ਖਰਚ ਕੀਤਾ ਜਾਣਾ ਹੈ, ਜਿਸ ਨਾਲ ਇਸ ਦਾ ਸੁੰਦਰੀਕਰਨ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਜਲਿਆਂਵਾਲਾ ਬਾਗ ‘ਚ ਨਵੀਨਕਰਨ ਹੋਣ ਕਾਰਨ ਇਸ ਨੂੰ 15 ਫਰਵਰੀ ਤੋਂ ਲੈ ਕੇ 12 ਅਪ੍ਰੈਲ ਤੱਕ ਬੰਦ ਕੀਤਾ ਗਿਆ ਹੈ। ਇਸ ਬਾਗ ਨੂੰ ਬੰਦ ਕਰਨ ਦਾ ਮੁੱਖ ਕਾਰਨ ਕੰਮ ਨੂੰ ਤੇਜ਼ੀ ਨਾਲ ਕਰਨਾ ਹੈ। ਇਸ ਸਬੰਧੀ ਇਤਿਹਾਸਕ ਗਲੀ ਦੇ ਬਾਹਰ ਨੋਟਿਸ ਬੋਰਡ ਵੀ ਲਗਾ ਦਿੱਤਾ ਗਿਆ ਹੈ।ਜਲਿਆਂਵਾਲਾ ਬਾਗ ਦੀ ਸ਼ਤਾਬਦੀ ਨੂੰ ਲੈ ਕੇ ਇੱਥੇ ਵੱਡੇ ਪੱਧਰ ‘ਤੇ ਰੇਨੋਵੇਸ਼ਨ ਦਾ ਕੰਮ ਚੱਲ ਰਿਹਾ ਹੈ। ਇੱਥੇ ਪਹੁੰਚ ਰਹੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਲੋਕ ਜਦੋਂ ਅੰਮ੍ਰਿਤਸਰ ਆਉਂਦੇ ਹਨ ਤਾਂ ਉਨ੍ਹਾਂ ਦੇ ਅੰਦਰ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਇਲਾਵਾ ਇਹ ਇੱਛਾ ਹੁੰਦੀ ਹੈ ਕਿ ਉਹ ਇੱਥੇ ਸ਼ਹੀਦਾਂ ਨੂੰ ਮੱਥਾ ਟੇਕਣ ਲਈ ਪਹੁੰਚੇ। ਇਸ ਲਈ ਇਸ ਨੂੰ ਮੁਕੰਮਲ ਤੌਰ ‘ਤੇ ਬੰਦ ਨਹੀਂ ਕਰਨਾ ਚਾਹੀਦਾ ਸੀ। ਇਨ੍ਹਾਂ ਸੈਲਾਨੀਆਂ ਦਾ ਕਹਿਣਾ ਹੈ ਕਿ ਰੇਨੋਵੇਸ਼ਨ ਦੇ ਨਾਮ ‘ਤੇ ਜਿਲ੍ਹਿਆਂ ਵਾਲੇ ਬਾਗ ਨੂੰ ਇਕ ਸ਼ਹੀਦਾਂ ਦੀ ਪ੍ਰੇਰਨਾ ਦੇਣ ਵਾਲੀ ਯਾਦਗਾਰ ਤੋਂ ਬਦਲ ਕੇ ਸਿਰਫ ਇਕ ਸੁੰਦਰ ਸੈਰ-ਸਪਾਟਾ ਨਾ ਬਣਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਇਤਿਹਾਸ ਨੂੰ ਨਹੀਂ ਜਾਣ ਸਕਣਗੀਆਂ ਅਤੇ ਉਨ੍ਹਾਂ ਨੂੰ ਇੱਥੋ ਪ੍ਰੇਰਨਾ ਨਹੀਂ ਮਿਲੇਗੀ।