ਤੰਬਾਕੂ ਵਿਰੋਧੀ ਕੀਤੀਆਂ ਗਤੀਵਿਧੀਆਂ ਦੌਰਾਨ ਸਕੂਲਾਂ ਦੇ 100 ਗਜ਼ ਘੇਰੇ ਦੇ ਅੰਦਰ ਤੰਬਾਕੂ ਵੇਚਣਾ ਅਪਰਾਧ- ਡਾ. ਦੁਪਿੰਦਰ ਕੁਮਾਰ DHO

ਮਲੋਟ(ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਰਾਜ ਨੂੰ ਤੰਬਾਕੂ ਫਰੀ ਕਰਨ ਲਈ ਅਤੇ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਪੰਜਾਬ ਨੂੰ ਤੰਬਾਕੂ ਮੁਕਤ ਕਰਨ ਲਈ ੳਪਰਾਲੇ ਕੀਤੇ ਜਾ ਰਹੇ ਹਨ। ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਡਾ. ਦੁਪਿੰਦਰ ਕੁਮਾਰ ਜਿਲ੍ਹਾ ਨੋਡਲ ਅਫਸਰ ਤੰਬਾਕੂ ਕੰਟਰੋਲ ਸੈੱਲ ਅਤੇ ਡਾ. ਜਤਿੰਦਰਪਾਲ ਸਿੰਘ ਐੱਸ.ਐੱਮ.ਓ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਤੰਬਾਕੂ ਦੇ ਭੈੜੇ ਪ੍ਰਭਾਵਾਂ ਅਤੇ ਕੋਟਪਾ ਐਕਟ 2003 ਦੀਆਂ ਧਾਰਾਵਾਂ ਬਾਰੇ ਲੋਕਾਂ ਅਤੇ ਤੰਬਾਕੂ ਵਿਕਰੇਤਾਵਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਗਤੀਵਿਧੀਆਂ ਕੀਤੀਆਂ ਗਈਆਂ। ਜਿਸ ਦੌਰਾਨ ਕੋਟਕਪੂਰਾ ਰੋਡ, ਰੇਲਵੇ ਰੋਡ, ਮੋੜ ਰੋਡ ਅਤੇ ਨਵੀਂ ਤੇ ਪੁਰਾਣੀ ਦਾਣਾ ਮੰਡੀ ਵਿੱਚ ਤੰਬਾਕੂ ਦੇ ਮਾੜੇ ਪ੍ਰਭਾਵਾਂ ਅਤੇ ਕੋਟਪਾ ਐਕਟ 2003 ਬਾਰੇ ਜਾਗਰੂਕ ਕੀਤਾ ਗਿਆ ਅਤੇ ਜਨਤਕ ਥਾਵਾਂ ਤੇ ਤੰਬਾਕੂ ਪਦਾਰਥਾਂ ਦਾ ਸੇਵਨ ਕਰਨ ਵਾਲੇ 14 ਵਿਅਕਤੀਆਂ ਨੂੰ ਜ਼ੁਰਮਾਨਾ ਕੀਤਾ ਗਿਆ।

ਇਸ ਮੌਕੇ ਟੀਮ ਇੰਚਾਰਜ਼ ਜਿਲ੍ਹਾ ਹੈਲਥ ਇੰਸਪੈਕਟਰ ਭਗਵਾਨ ਦਾਸ ਨੇ ਦੱਸਿਆ ਕਿ ਕੋਟਪਾ ਐਕਟ 2003 ਦੀ ਧਾਰਾ 4 ਅਧੀਨ ਜਨਤਕ ਥਾਵਾਂ ਤੇ ਤੰਬਾਕੂ ਅਤੇ ਤੰਬਾਕੂ ਯੁਕਤ ਪਦਾਰਥਾਂ ਦੀ ਵਰਤੋਂ ਕਰਨ ਤੇ ਸਖਤ ਮਨਾਹੀ ਹੈ, ਧਾਰਾ 6 ਏ ਤਹਿਤ 18 ਸਾਲ ਦੇ ਘੱਟ ਉਮਰ ਦੇ ਵਿਅਕਤੀਆਂ ਨੂੰ ਸਿਗਰਟ, ਚੱਬਣ ਵਾਲੇ ਤੰਬਾਕੂ ਪਦਾਰਥ ਆਦਿ ਵੇਚਣਾ ਅਪਰਾਧ ਹੈ ਅਤੇ ਧਾਰਾ 6 ਬੀ ਤਹਿਤ ਕਿਸੇ ਵੀ ਵਿੱਦਿਅਕ ਸੰਸਥਾਂ ਦੀ ਚਾਰ-ਦਿਵਾਰੀ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਪਦਾਰਥ ਵੇਚਣ ਵਾਲੇ ਵਿਅਕਤੀ ਨੂੰ ਸਜ਼ਾ ਅਤੇ ਜ਼ੁਰਮਾਨਾ ਹੋ ਸਕਦਾ ਹੈ। ਇਸ ਮੌਕੇ ਕੁਲਵੰਤ ਸਿੰਘ ਹੈੱਲਥ ਇੰਸਪੈਕਟਰ ਨੇ ਦੱਸਿਆ ਕਿ ਸਾਨੂੰ ਤੰਬਾਕੂ ਦੀ ਵਰਤੋਂ ਕਰਦੇ ਲੋਕਾਂ ਕੋਲ ਜਾ ਕੇ ਉਹਨਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਦੱਸ ਕੇ ਉਹਨਾਂ ਨੂੰ ਇਸ ਤੋਂ ਛੁਟਕਾਰਾ ਪਾਉਣ ਲਈ ਪ੍ਰੇਰਿਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਵਿੱਚ ਲਗਭਗ 3500 ਲੋਕ ਹਰ ਰੋਜ਼ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਮਰਦੇ ਹਨ ਅਤੇ ਤੰਬਾਕੂ ਖਾਣ ਨਾਲ ਤਕਰੀਬਨ 90 ਪ੍ਰਤੀਸ਼ਤ ਮੂੰਹ ਦੇ ਕੈਂਸਰ ਹੁੰਦੇ ਹਨ। ਕੈਂਸਰ, ਦਿਲ ਦੇ ਰੋਗ ਅਤੇ ਫੇਫੜ੍ਹੇ ਆਦਿ ਦੀਆਂ ਬਿਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਤੰਬਾਕੂ ਦੀ ਵਰਤੋਂ ਹੀ ਹੈ। ਇਸ ਮੌਕੇ ਸੰਦੀਪ ਕੁਮਾਰ,ਬਲਵਿੰਦਰ ਸਿੰਘ,ਹਰਪਾਲ ਸਿੰਘ ਅਤੇ ਗਗਨਦੀਪ ਸਿੰਘ ਹਾਜ਼ਿਰ ਸਨ। Author: Malout Live