ਬਜ਼ੁਰਗਾਂ ਦੇ ਕਾਨੂੰਨੀ ਅਧਿਕਾਰਾਂ ਸਬੰਧੀ ਸੈਮੀਨਾਰ ਲਾਇਆ

ਸ੍ਰੀ ਮੁਕਤਸਰ ਸਾਹਿਬ:- ਸਥਾਨਕ ਜਲਾਲਾਬਾਦ ਰੋਡ ਸਥਿਤ ਬਿਰਧ ਆਸ਼ਰਮ ਵਿਖੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਸ੍ਰੀ ਅਰੁਨਵੀਰ ਵਸ਼ਿਸਟ, ਮਾਨਯੋਗ ਜ਼ਿਲਾ ਅਤੇ ਸੈਸ਼ਨਜ਼ ਜੱਜ ਦੀ ਰਹਿਨੁਮਾਈ ਹੇਠ ਅਤੇ ਨਾਲਸਾ ਦੀ ਬਜ਼ੁਰਗਾਂ ਨੂੰ ਕਾਨੂੰਨੀ ਸੇਵਾਵਾਂ ਦੇਣ ਸੰਬੰਧੀ ਸਕੀਮ, 2016 ਤਹਿਤ ਇੱਕ ਕਾਨੂੰਨੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਅਥਾਰਟੀ ਦੇ ਸਕੱਤਰ ਸ. ਪ੍ਰਿਤਪਾਲ ਸਿਘ ਸਿਵਲ ਜੱਜ ਸੀਨੀਅਰ ਡਵੀਜ਼ਨ/ਸੀ.ਜੇ.ਐਮ. ਨੇ ਕੀਤੀ। ਇਸ ਸੈਮੀਨਾਰ ਵਿੱਚ ਸਮਾਜ ਸੇਵੀ ਸ੍ਰੀ ਬੂਟਾ ਰਾਮ ਕਾਮਰਾ ਅਤੇ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗ ਹਾਜ਼ਰ ਸਨ। ਸ. ਪ੍ਰਿਤਪਾਲ ਸਿੰਘ ਨੇ ਸੈਮੀਨਾਰ ਦੌਰਾਨ ਹਾਜ਼ਿਰ ਬਜ਼ੁਰਗਾਂ ਨੂੰ ਉਨਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਮੇਨਟੈਨੇਂਸ ਐਡ ਵੈੱਲਫੇਅਰ ਆਫ ਸੀਨੀਅਰ ਸਿਟੀਜਨਜ਼ ਐਕਟ, 2007 ਸੰਬੰਧੀ ਵਿਸਥਾਰ ਸਹਿਤ ਦੱਸਿਆ। ਉਨਾਂ ਦੱਸਿਆ ਕਿ ਜੇਕਰ ਬੱਚੇ ਆਪਣੇ ਬਜ਼ੁਰਗ ਮਾਪਿਆਂ ਨੂੰ ਨਾ ਸਾਂਭਣ ਤਾਂ ਮਾਪੇ ਗੁਜ਼ਾਰਾ ਭੱਤਾ ਲੈਣ ਦੇ ਹੱਕਦਾਰ ਹਨ। ਇਸ ਲਈ ਆਪਣੇ ਇਲਾਕੇ ਦੇ ਐਸ.ਡੀ.ਐਮ. ਅਧੀਨ ਚੱਲ ਰਹੇ ਸੀਨੀਅਰ ਸਿਟੀਜਨਜ਼ ਟ੍ਰਿਬਿਊਨਲ ਵਿੱਚ ਅਰਜ਼ੀ ਲਗਾਈ ਜਾ ਸਕਦੀ ਹੈ ਅਤੇ ਇਸ ਤਰਾਂ ਦੀ ਅਰਜ਼ੀ ਲਗਾਉਣ ਲਈ ਕਿਸੇ ਵਕੀਲ ਦੀ ਵੀ ਜ਼ਰੂਰਤ ਨਹੀਂ ਹੈ। ਉਨਾਂ ਕਿਹਾ ਕਿ ਜੇਕਰ ਮਾਪੇ ਆਪਣੀ ਸੇਵਾ ਸੰਭਾਲ ਦੀ ਸ਼ਰਤ ਤੇ ਜਾਇਦਾਦ ਬੱਚਿਆਂ ਦੇ ਨਾਂਅ ਕਰ ਚੁੱਕੇ ਹੋਣ ਅਤੇ ਬਾਅਦ ਵਿਚ ਬੱਚੇ ਮਾਪਿਆਂ ਦੀ ਦੇਖਭਾਲ ਨਾ ਕਰਦੇ ਹੋਣ ਤਾਂ ਅਜਿਹੀ ਜਾਇਦਾਦ ਵੀ ਮਾਪੇ ਵਾਪਸ ਲੈ ਸਕਦੇ ਹਨ। ਸੈਮੀਨਾਰ ਦੌਰਾਨ ਉਨਾਂ ਨੇ ਕਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਣ ਲਈ ਬਜ਼ੁਰਗਾਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ ਰੱਖਣ ਅਤੇ ਨਿੱਜੀ ਸਵੱਛਤਾ ਦੀ ਮਹੱਤਤਾ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨਾਂ ਇਹ ਵੀ ਕਿਹਾ ਕਿ ਬਜ਼ੁਰਗ ਆਪਣੇ ਕਾਨੂੰਨੀ ਅਧਿਕਾਰਾਂ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਫਰੰਟ ਆਫਿਸ ਜਾਂ ਕਾਨੂੰਨੀ ਸਹਾਇਤਾ ਕੇਂਦਰ ਨਾਲ ਵੀ ਰਾਬਤਾ ਕਾਇਮ ਕਰ ਸਕਦੇ ਹਨ। ਉਨਾਂ ਨੇ ਆਸ਼ਰਮ ਵਿੱਚ ਵਸੇਬਾ ਕਰ ਰਹੇ ਬਜ਼ੁਰਗਾਂ ਨਾਲ ਨਿੱਜੀ ਤੌਰ ਤੇ ਗੱਲ ਬਾਤ ਕੀਤੀ ਅਤੇ ਸਮਾਰੋਹ ਦੀ ਸਮਾਪਤੀ ਤੋਂ ਬਾਅਦ ਬਿਰਧ ਆਸ਼ਰਮ ਦੇ ਸਾਰੇ ਕੰਮ ਕਾਜ ਪ੍ਰਤੀ ਤਸੱਲੀ ਪਰਗਟ ਕੀਤੀ। ਉਨਾਂ ਇਹ ਵੀ ਦੱਸਿਆ ਕਿ ਅਗਲੀ ਕੌਮੀ ਲੋਕ ਅਦਾਲਤ ਮਿਤੀ 11.04.2020 ਨੂੰ ਲਗਾਈ ਜਾਣੀ ਹੈ ਅਤੇ ਕਾਨੂੰਨੀ ਸਹਾਇਤਾ ਲਈ ਟੋਲ ਫ੍ਰੀ ਨੰਬਰ 1968 ਤੇ ਸੰਪਰਕ ਕੀਤਾ ਜਾ ਸਕਦਾ ਹੈ।