District NewsMalout News

ਕੈਂਸਰ ਜਾਗਰੂਕਤਾ ਹਫ਼ਤੇ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਜੇ ਨਗਰ ਅਤੇ ਆਰੀਆ ਗਰਲਜ਼ ਹਾਈ ਸਕੂਲ ਬਠਿੰਡਾ ਵਿਖੇ ਹੋਇਆ ਜਾਗਰੂਕਤਾ ਸਮਾਗਮ

ਮਲੋਟ (ਪੰਜਾਬ): ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜਿਲ੍ਹਾ ਸਿਹਤ ਵਿਭਾਗ ਬਠਿੰਡਾ ਵੱਲੋ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦੀ ਦੇਖ-ਰੇਖ ਹੇਠਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਜੇ ਨਗਰ ਅਤੇ ਆਰੀਆ ਗਰਲਜ਼ ਹਾਈ ਸਕੂਲ ਬਠਿੰਡਾ ਵਿਖੇ ਕੈਂਸਰ ਤੋਂ ਬਚਣ ਲਈ ਜਾਗਰੂਕਤਾ ਸਮਾਗਮ ਕੀਤਾ ਗਿਆ। ਇਸ ਮੌਕੇ ਡਾ. ਊਸ਼ਾ ਗੋਇਲ ਜਿਲ੍ਹਾ ਸਿਹਤ ਅਫ਼ਸਰ, ਵਿਨੋਦ ਖੁਰਾਣਾ ਮਾਸ ਮੀਡੀਆ ਅਫ਼ਸਰ, ਪ੍ਰਿੰਸੀਪਲ ਅਨੀਤਾ, ਪ੍ਰਿੰਸੀਪਲ ਸੁਸ਼ਮਾ, ਪਵਨਜੀਤ ਕੌਰ ਅਤੇ ਸਕੂਲ ਅਧਿਆਪਕ ਹਾਜ਼ਿਰ ਸਨ। ਜਾਣਕਾਰੀ ਦਿੰਦਿਆਂ ਡਾ. ਊਸ਼ਾ ਗੋਇਲ ਨੇ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਲੋਕਾਂ ਨੂੰ ਜਾਗਰੂਕ ਕਰਕੇ ਕੈਂਸਰ ਨੂੰ ਮੁੱਢਲੀ ਸਟੇਜ ਤੇ ਜਾਂਚ ਕਰਕੇ ਜਲਦ ਇਲਾਜ ਕਰਵਾਉਣਾ ਹੈ। ਜੇਕਰ ਕੈਂਸਰ ਨੂੰ ਜਲਦੀ ਜਾਂਚ ਕਰਕੇ ਪਹਿਚਾਣ ਲਈਏ ਤਾਂ ਇਸਦਾ ਇਲਾਜ ਸੰਭਵ ਹੈ, ਜਿਸ ਨਾਲ ਕੈਂਸਰ ਨਾਲ ਹੋ ਰਹੀਆਂ ਮੌਤਾਂ ਨੂੰ ਘਟਾਇਆ ਜਾ ਸਕਦਾ ਹੈ।

ਤੰਬਾਕੂ, ਬੀੜੀ, ਸਿਗਰਟ ਦੇ ਸੇਵਨ ਕਾਰਨ ਮੂੰਹ, ਫੇਫੜੇ ਅਤੇ ਪੇਟ ਦਾ ਕੈਂਸਰ ਹੋ ਸਕਦਾ ਹੈ। ਆਪਣੀ ਰੋਜ਼ਾਨਾ ਖੁਰਾਕ ਵਿੱਚ ਫਲਾਂ, ਹਰੀਆ ਸਬਜ਼ੀਆਂ ਅਤੇ ਦਾਲਾਂ ਦਾ ਸੇਵਨ ਜ਼ਰੂਰ ਕਰੋ। ਜਿਆਦਾਤਰ ਲੋਕ ਦੂਸਰੀ ਜਾਂ ਤੀਸਰੀ ਸਟੇਜ ਵਿੱਚ ਡਾਕਟਰ ਕੋਲ ਚੈਕਅੱਪ ਲਈ ਆਉਂਦੇ ਹਨ, ਪਰ ਜੇਕਰ ਕਿਸੇ ਵਿਅਕਤੀ ਨੂੰ ਇਸਦੇ ਲੱਛਣ ਨਜ਼ਰ ਆਉਣ ਤਾਂ ਤਰੁੰਤ ਨੇੜੇ ਦੇ ਹਸਪਤਾਲ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਬੱਚਿਆਂ ਅਤੇ ਅਧਿਆਪਕਾਂ ਨੂੰ ਇਹ ਸੰਦੇਸ਼ ਹੋਰ ਅੱਗੇ ਦੇਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਤਹਿਤ ਪੰਜਾਬ ਰਾਜ ਦੇ ਉਹ ਵਸਨੀਕ, ਜੋ ਕੈਂਸਰ ਦੀ ਬੀਮਾਰੀ ਤੋਂ ਪੀੜਿਤ ਹਨ, ਉਨ੍ਹਾਂ ਦਾ 1.5 ਲੱਖ ਰੁਪਏ ਤੱਕ ਦਾ ਇਲਾਜ ਸਰਕਾਰੀ ਅਤੇ ਪ੍ਰਵਾਨਿਤ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ ਅਤੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਅਧੀਨ ਵੀ ਕੈਂਸਰ ਦਾ ਇਲਾਜ ਮੁਫਤ ਕਰਵਾਇਆ ਜਾ ਸਕਦਾ ਹੈ।

Author: Malout Live

Back to top button