ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਜੇਲ੍ਹ ਵਿੱਚ ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਗਾਏ ਗਏ- ਸ਼੍ਰੀ ਰਾਜ ਕੁਮਾਰ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਭਰ ਵਿੱਚ 30 ਸਤੰਬਰ ਤੱਕ ਵਾਤਾਵਰਨ ਬਚਾਉਣ ਲਈ ਚਲਾਈ ਮੁਹਿੰਮ ਤਹਿਤ ਸ੍ਰੀ ਰਾਜ ਕੁਮਾਰ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਖ-ਵੱਖ ਬੇਰਕਾ ਕੋਲ ਵੱਖ-ਵੱਖ ਤਰ੍ਹਾਂ ਦੇ ਫਲਦਾਰ ਪੌਦੇ ਲਗਾਏ ਗਏ। ਇਸ ਮੌਕੇ ਡਾ. ਗਗਨਦੀਪ ਕੌਰ ਸੀ.ਜੀ.ਐੱਮ/ਸਕੱਤਰ ਵੱਲੋਂ ਵੀ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ ਗਏ। ਸ਼੍ਰੀ ਰਾਜ ਕੁਮਾਰ ਨੇ ਦੱਸਿਆ ਕਿ ਚੰਗੇ ਤੇ ਸ਼ਾਂਤ ਵਾਤਾਵਰਨ ਵਿੱਚ ਚੰਗੀ ਸਖਸ਼ੀਅਤ ਦਾ ਵਿਕਾਸ ਪੈਦਾ ਹੁੰਦਾ ਹੈ ਤੇ ਗੰਦਲੇ ਵਾਤਾਵਰਨ ਵਿੱਚ ਅਪੰਗ ਸਖਸ਼ੀਅਤ ਵਿਕਸਿਤ ਹੁੰਦੀ ਹੈ ਅਤੇ ਤਨਾਅ ਪੈਦਾ ਹੁੰਦਾ ਹੈ। ਵਾਤਾਵਰਨ ਪ੍ਰਦੂਸ਼ਨ ਦੀ ਸਮੱਸਿਆ ਦੇ ਹੱਲ ਲਈ 1952 ਵਿੱਚ ਸਯੁੰਕਤ ਰਾਸ਼ਟਰ ਸੰਗ ਨੇ ਸਟਾਕਹੋਮ (ਸਵੀਡਨ) ਵਿੱਚ ਦੁਨੀਆ ਭਰ ਵਿੱਚ ਪਹਿਲਾ ਵਾਤਾਵਰਨ ਸਮੇਲਨ ਆਯੋਜਿਤ ਕੀਤਾ ਸੀ।

ਡਾ. ਗਗਨਦੀਪ ਕੌਰ ਵੱਲੋਂ ਦੱਸਿਆ ਗਿਆ ਕਿ ਰੁੱਖਾਂ ਦੀ ਕਟਾਈ ਕਾਰਨ ਬਾਰਿਸ਼ ਨਹੀਂ ਹੋ ਰਹੀ ਅਤੇ ਤਾਪਮਾਨ ਦਿਨੋ ਦਿਨ ਵੱਧ ਰਿਹਾ ਹੈ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਬਿਮਾਰੀਆਂ ਤੋਂ ਬਚਾਅ ਲਈ ਵਾਤਾਵਰਨ ਦੀ ਸੰਭਾਲ ਅਤਿ ਜਰੂਰੀ ਹੈ । ਸ੍ਰੀ ਰਾਜ ਕੁਮਾਰ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਨੇ ਆਪਣੇ ਹੱਥਾਂ ਨਾਲ ਜ਼ਿਲ੍ਹਾ ਜੇਲ੍ਹ ਵਿਖੇ ਰੁੱਖ ਲਗਾ ਕੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੁਨੇਹਾ ਦਿੱਤਾ। ਉਨ੍ਹਾ ਕਿਹਾ ਕਿ ਵਾਤਾਵਰਣ ਦੀ ਬਹਾਲੀ, ਜੋ ਕਿ ਮਨੁੱਖ ਦੁਆਰਾ ਜੰਗਲਾਂ, ਪਹਾੜਾਂ ਅਤੇ ਸਮੁੰਦਰਾਂ ਵਿੱਚ ਮਨੁੱਖੀ ਗਤੀਵਿਧੀਆਂ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਣ ਅਤੇ ਵਾਤਾਵਰਨ ਨੂੰ ਪੁਨਰਜੀਵਤ ਕਰਨ ਤੇ ਕੇਂਦਰਿਤ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਸੀਂ ਪ੍ਰਦੂਸ਼ਣ ਨੂੰ ਘਟਾ ਕੇ ਨਵੇਂ ਉਪਾਵਾਂ ਨੂੰ ਅਪਣਾ ਕੇ ਵਾਤਾਵਰਨ ਪ੍ਰਣਾਲੀ ਨੂੰ ਬਹਾਲ ਕਰਨ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਾਂ। ਇਸ ਮੌਕੇ ਸ੍ਰੀ ਵਰੁਣ ਸ਼ਰਮਾ, ਜੇਲ੍ਹ ਸੁਪਰਡੈਂਟ, ਡਿਪਟੀ ਸੁਪਰਡੈਂਟ ਜੇਲ੍ਹ, ਸਮੂਹ ਸਟਾਫ਼ ਅਤੇ ਕੈਦੀ/ਹਵਾਲਾਤੀਆਂ ਵੱਲੋਂ ਵੀ ਜੇਲ੍ਹ ਅੰਦਰ ਲਗਭਗ 500 ਬੂਟੇ ਲਗਾਏ ਗਏ। Author : Malout Live