ਮਲੋਟ ਵਿਖੇ ਦਸ਼ਮੇਸ਼ ਪਿਤਾ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤਿ ਨਗਰ ਕੀਰਤਨ ਕੱਢਿਆ

ਮਲੋਟ:- ਸਰਬੰਸਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 2 ਜਨਵਰੀ 2020 ਨੂੰ ਆ ਰਹੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਅੱਜ ਸਥਾਨਕ ਗੁਰਦੁਆਰਾ ਸਿੰਘ ਸਭਾ ਮਲੋਟ ਤੋਂ ਆਯੋਜਿਤ ਕੀਤਾ ਗਿਆ । ਪੰਜ ਪਿਆਰਿਆਂ ਦੀ ਅਗਵਾਈ ਵਿਚ ਅਤੇ ਬਹੁਤ ਹੀ ਸੁੰਦਰ ਫੁੱਲਾਂ ਨਾਲ ਸਜੀ ਹੋਈ ਪਾਲਕੀ ਵਿਚ ਸ਼ੁਸ਼ੋਭਿਤ ਸ਼ਬਦ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੱਢਿਆ ਇਹ ਨਗਰ ਕੀਰਤਨ ਗੁਰੂ-ਘਰ ਤੋਂ ਸ਼ੁਰੂ ਹੋ ਕੇ ਮੇਨ ਬਜ਼ਾਰ ਹੁੰਦਾ ਹੋਇਆ, ਰਾਸ਼ਟਰੀ ਰਾਜ ਮਾਰਗ ਦੀ ਸ਼ੋਭਾ ਬਣਦਾ ਹੋਇਆ ਨਵੀਂ ਦਾਣਾ ਮੰਡੀ ਤੋਂ ਵਾਪਸ ਗੁਰੂ ਘਰ ਪਰਤਿਆ । ਨਗਰ ਕੀਰਤਨ ਮੌਕੇ ਸ਼ਹਿਰ ਦੇ ਲਗਭਗ ਸਾਰੇ ਹੀ ਪ੍ਰਮੁੱਖ ਸਕੂਲਾਂ ਦੇ ਬੱਚਿਆਂ ਨੇ ਵੱਡੀ ਗਿਣਤੀ ਵਿਚ ਅਤੇ ਬੈਂਡ ਵਾਜੇ ਸਮੇਤ ਸ਼ਿਰਕਤ ਕੀਤੀ । ਇਸ ਮੌਕੇ ਗਤਕਾ ਪਾਰਟੀ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ ਅਤੇ ਫੌਜੀ ਬੈਂਡ ਵੱਲੋਂ ਬਹੁਤ ਹੀ ਮਨਮੋਹਕ ਧੁਨਾਂ ਨਾਲ ਸੰਗਤ ਨੂੰ ਵਾਹਿਗੁਰੂ ਵਾਹਿਗੁਰੂ ਜਪਨ ਲਈ ਮਜਬੂਰ ਕਰ ਦਿੱਤਾ ।  ਨਗਰ ਕੀਰਤਨ ਵਿਚ ਢਾਡੀ ਅਤੇ ਰਾਗੀ ਸਿੰਘਾਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਅਤੇ ਵੱਡੀ ਗਿਣਤੀ ਵਿਚ ਸ਼ਾਮਲ ਸੰਗਤਾਂ ਨੇ ਇਸ ਨਗਰ ਕੀਰਤਨ ਦੀ ਸ਼ੋਭਾ ਵਧਾਈ । ਨਗਰ ਕੀਰਤਨ ਵਿਚ ਸ਼ਾਮਲ ਸੰਗਤ ਦੀ ਸੇਵਾ ਲਈ ਸ਼ਰਧਾਲੂਆਂ ਵੱਲੋਂ ਥਾਂ ਥਾਂ ਤੇ ਭਾਂਤ ਭਾਂਥ ਦੇ ਲੰਗਰ ਲਗਾਏ ਗਏ । ਰਾਸ਼ਟਰੀ ਰਾਜ ਮਾਰਗ ਤੇ ਛਾਪੜਾ ਟੈਂਟ ਹਾਊਸ ਦੇ ਹੈਪੀ ਛਾਬੜਾ ਵੱਲੋਂ ਸਮੂਹ ਦੁਕਾਨਦਾਰਾਂ ਦੀ ਮਦਦ ਨਾਲ ਵਿਸ਼ੇਸ਼ ਲੰਗਰ ਲਗਾਏ ਗਏ । ਇਸ ਮੌਕੇ ਹਾਜਰ ਜੀ.ਓ.ਜੀ ਇੰਚਾਰਜ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਕਾਸ਼ ਦਿਹਾੜਾ ਉਸ ਗੁਰੂ ਦਾ ਹੈ ਜਿਸ ਨੇ ਸਾਨੂੰ ਪੰਜ ਕਕਾਰਾਂ ਦੇ ਧਾਰਨੀ ਸਿੰਘ ਸਾਜਿਆ ਅਤੇ ਖੁਦ ਵੀ ਪੰਜ ਪਿਆਰਿਆਂ ਤੋਂ ਪਹੁਲ਼ ਲੈ ਕੇ ''ਆਪੇ ਗੁਰ ਚੇਲਾ'' ਦਾ ਸੰਦੇਸ਼ ਦਿੱਤਾ। ਇਸ ਮੌਕੇ ਪ੍ਰੈਸ ਕਲੱਬ ਪ੍ਰਧਾਨ ਗੁਰਮੀਤ ਸਿੰਘ ਮੱਕੜ, ਐਮ.ਸੀ ਜਗਤਾਰ ਬਰਾੜ, ਹੈਪੀ ਮੱਕੜ ਨਗਰ ਕੌਂਸਲਰ, ਹਰਜੀਤ ਸਿੰਘ, ਬੰਟੂ ਮੱਕੜ, ਐਨਜੀਉ ਕੋਆਰਡੀਨੇਟਰ ਮਨੋਜ ਅਸੀਜਾ ਅਤੇ ਸਿਮਰਨਜੋਤ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀਆਂ ਨੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਸ਼ਿਰਕਤ ਕਰਦਿਆਂ ਨਗਰ ਕੀਰਤਨ ਦੀ ਸ਼ੋਭਾ ਵਧਾਈ ।