ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ-07 ਤੇ ਲਗਾਇਆ ਧਰਨਾ ਅੱਜ ਚੌਥੇ ਦਿਨ ਵੀ ਰਿਹਾ ਜਾਰੀ

ਮਲੋਟ:- ਬੀਤੇ ਦਿਨ ਹੋਈ ਮੀਟਿੰਗ ਦੌਰਾਨ ਸਰਕਲ ਪ੍ਰਧਾਨ ਰਾਕੇਸ਼ ਕੁਮਾਰ ਨੇ ਦੱਸਿਆ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ’ ਵੱਲੋਂ ਸ਼੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਥਰਮਲ ਪਲਾਂਟ ਲਹਿਰਾ ਮੁਹੱਬਤ ਗੇਟ ਦੇ ਸਾਹਮਣੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ-07 ਜਾਮ ਕਰਕੇ 19 ਦਸੰਬਰ ਤੋਂ ਪੰਜਾਬ ਸਰਕਾਰ ਖਿਲਾਫ਼ ਲਾਇਆ ਧਰਨਾ ਅੱਜ ਚੌਥੇ ਦਿਨ ’ਚ ਦਾਖਲ ਹੋ ਗਿਆ ਹੈ। ਇਸ ਧਰਨੇ ’ਚ ਵੱਖ -ਵੱਖ ਵਿਭਾਗਾਂ ਦੇ ਠੇਕਾ ਕਾਮੇ, ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਸੜਕ ’ਤੇ ਕਹਿਰ ਦੀ ਪੈ ਰਹੀ ਠੰਡ ’ਚ ਦਿਨ-ਰਾਤ ਬੈਠ ਕੇ ਆਪਣੇ ਪੱਕੇ ਰੁਜ਼ਗਾਰ ਦੀ ਮੰਗ ਕਰ ਰਹੇ ਹਨ। ਅੱਜ ਇਥੇ ਮੀਡੀਆ ਨੂੰ ਪ੍ਰੈੱਸ ਨੋਟ ਜਾਰੀ ਕਰਦੇ ਸਰਕਲ ਪ੍ਰਧਾਨ ਰਾਕੇਸ਼ ਕੁਮਾਰ, ਅੰਗਰੇਜ ਸਿੰਘ, ਮਾਂਗੀ ਲਾਲ, ਰਣਜੀਤ ਸਿੰਘ, ਅਜੈ ਕੁਮਾਰ ਅਤੇ ਸ਼ਵਿੰਦਰ ਸਿੰਘ ਨੇ ਕਿਹਾ ਕਿ 19 ਦਸੰਬਰ 2021 ਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਦੀ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਨਾਲ ਹੋਈ ਮੀਟਿੰਗ ਦੇ ਦੌਰਾਨ ਵੱਖ-ਵੱਖ ਸਰਕਾਰੀ ਵਿਭਾਗ ’ਚ ਆਊਟਸੋਰਸ, ਇਨਲਿਸਟਮੈਂਟ, ਠੇਕੇਦਾਰ, ਸੁਸਾਇਟੀਆਂ, ਕੰਪਨੀਆਂ, ਕੇਂਦਰੀ ਸਕੀਮਾਂ ਤਹਿਤ ਹਰੇਕ ਕੈਟਾਗਿਰੀਆਂ ਅਧੀਨ ਕੰਮ ਕਰਦੇ ਠੇਕਾ ਕਾਮਿਆਂ ਨੂੰ ਬਿਨਾ ਭੇਦਭਾਵ ਅਤੇ ਸਿੱਧੇ ਰੂਪ ’ਚ ਉਨ੍ਹਾਂ ਦੇ ਪਿੱਤਰੀ ਵਿਭਾਗਾਂ ’ਚ ਮਰਜ ਕਰਕੇ ਰੈਗੂਲਰ ਕਰਨ, ਠੇਕਾ ਅਧਾਰਿਤ ਸਮੂਹ ਕੈਟਾਗਰੀਆਂ ਦੇ ਕਾਮਿਆਂ ਨੂੰ ਪਿੱਤਰੀ ਵਿਭਾਗਾਂ ’ਚ ਸ਼ਾਮਲ ਕਰਨ ਸਮੇਤ ਹੋਰਨਾਂ ਹੱਕੀ ਅਤੇ ਜਾਇਜ ਮੰਗਾਂ ਦਾ ਹੱਲ ਕਰਨ ਲਈ ਸਹਿਮਤੀ ਬਣੀ ਸੀ, ਪਰ ਹੁਣ ਇਨ੍ਹਾਂ ਮੰਗਾਂ ਦੇ ਹੱਲ ਕਰਨ ਦੀ ਬਣੀ ਸਹਿਮਤੀ ਤੋਂ ਚੰਨੀ ਸਰਕਾਰ ਭੱਜ ਰਹੀ ਹੈ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਜੋਂ ਇਕ ਹਫਤੇ ਵਾਸਤੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦੇ ਸਬੰਧੀ ਕਮੇਟੀ ਬਣਾਈ ਗਈ ਹੈ, ਇਸੇ ਤਰ੍ਹਾਂ ਹੀ ਅੱਜ ਤੱਕ ਸਰਕਾਰ ਨੇ ਕਈ ਕਮੇਟੀਆਂ ਬਣਾਈਆ ਹਨ, ਜਿਨ੍ਹਾਂ ਦਾ ਸਾਲ ਭਰ ਅਮਲ ਚੱਲਦਾ ਰਿਹਾ ਹੈ ਅਤੇ ਹੁਣ ਵੀ ਸਰਕਾਰ ਨੇ ਜੋ ਕਮੇਟੀ ਬਣਾਈ ਹੈ, ਇਸ ਕਮੇਟੀ ਦੇ ਅਧਿਕਾਰੀਆਂ ਕੋਲ ਪਹਿਲਾਂ ਹੀ ਸਾਰਾ ਰਿਕਾਰਡ ਹੈ, ਇਸ ਲਈ ਕਾਂਗਰਸ ਸਰਕਾਰ ਨੇ ਇਹ ਕਮੇਟੀ ਹੱਕ ਮੰਗਣ ਵਾਲੇ ਲੋਕਾਂ ਨੂੰ ਧੋਖਾ ਦੇਣ ਅਤੇ ਚੋਣ ਜਾਬਤਾ ਲੱਗਣ ਤੱਕ ਸਮਾਂ ਲੰਘਾਉਣ ਵਾਸਤੇ ਬਣਾਈ ਗਈ ਹੈ। ਜਿਸ ਦੀ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਪੂਰਜੋਰ ਸ਼ਬਦਾਂ ’ਚ ਨਿਖੇਧੀ ਕਰਦਿਆ ਚੱਲ ਰਹੇ ਘੋਲ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਗਿਆ। ਜਿਸ ਤਹਿਤ 30 ਦਸੰਬਰ ਨੂੰ ਸਮੂਹ ਵਿਭਾਗਾਂ ਦੇ ਠੇਕਾ ਕਾਮਿਆਂ ਵੱਲੋਂ ਇਕ ਦਿਨ ਸਮੂਹਿਕ ਛੁੱਟੀ ਕਰਕੇ ਆਪਣੇ-ਆਪਣੇ ਵਿਭਾਗਾਂ ਦੇ ਦਫਤਰਾਂ ਅੱਗੇ ਤਹਿਸੀਲ ਪੱਧਰੀ ਪ੍ਰਦਰਸ਼ਨ ਕੀਤੇ ਜਾਣਗੇ। ਇਸ ਤੋਂ ਬਾਅਦ 2 ਜਨਵਰੀ 2022 ਨੂੰ ਖੰਨਾ ਵਿਖੇ ਅਮ੍ਰਿਤਸਰ ਤੋਂ ਦਿੱਲੀ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ।