Malout News

ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮ ਨੇ ਬਿਜਲੀ ਸਬੰਧੀ ਖਪਤਕਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ

ਮਲੋਟ:- ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਲਿਮ. ਵਲੋਂ ਸ਼ਿਕਾਇਤ ਨਿਵਾਰਨ ਫੋਰਮ ਦੇ ਚੇਅਰਪਰਸਨ ਦੀ ਅਗਵਾਈ ਵਿਚ ਚਾਰ ਮੈਂਬਰੀ ਕਮੇਟੀ ਵਲੋਂ ਬਠਿੰਡਾ ਰੋਡ ‘ਤੇ ਸਥਿਤ ਬਿਜਲੀ ਘਰ ਦੇ ਗੈਸਟ ਹਾਊਸ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ । ਇਸ ਮੌਕੇ ਖਪਤਕਾਰਾਂ ਤੋਂ ਇਲਾਵਾ ਹਲਕਾ ਇੰਚਾਰਜ ਅਮਨਪ੍ਰੀਤ ਸਿੰਘ ਭੱਟੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਸ਼ੁੱਭਦੀਪ ਸਿੰਘ ਬਿੱਟੂ, ਸਾਬਕਾ ਪ੍ਰਧਾਨ ਨਗਰ ਕੌਾਸਲ ਸਤਿਗੁਰ ਦੇਵ ਪੱਪੀ, ਸੀਨੀਅਰ ਕਾਂਗਰਸੀ ਆਗੂ ਨਰਸਿੰਘ ਦਾਸ ਚਲਾਣਾ, ਐਕਸੀਅਨ ਮਲੋਟ ਰਘੁਵੀਤ ਸਿੰਘ ਬਰਾੜ, ਐੱਸ.ਡੀ.ਓ. ਜੋਧਵੀਰ ਸਿੰਘ, ਜੀ.ਓ.ਜੀ. ਦੇ ਇੰਚਾਰਜ਼ ਹਰਪ੍ਰੀਤ ਸਿੰਘ ਤੇ ਜੀ.ਓ.ਜੀ. ਸੂਬੇਦਾਰ ਤਜਿੰਦਰ ਸਿੰਘ ਕਬਰਵਾਲਾ ਆਦਿ ਵੀ ਹਾਜ਼ਰ ਸਨ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਫੋਰਮ ਨੂੰ ਦੱਸਿਆ ਕਿ ਸ਼ਹਿਰ ਦੀ ਵੱਡੀ ਸਮੱਸਿਆ ਬਿਜਲੀ ਘਰ ਵਿਖੇ ਸਟਾਫ਼ ਦਾ ਬਹੁਤ ਜ਼ਿਆਦਾ ਘੱਟ ਹੋਣਾ ਹੈ, ਜਿਸ ਕਰਕੇ ਇੱਥੇ ਸਟਾਫ਼ ਦੀ ਕਮੀ ਨੂੰ ਪੂਰਾ ਕੀਤਾ ਜਾਵੇ । ਵੱਖ-ਵੱਖ ਖਪਤਕਾਰਾਂ ਨੇ ਵਾਹੀਯੋਗ ਜ਼ਮੀਨ ਵਿਚ ਤਾਰਾਂ ਤੇ ਖੰਭੇ, ਬਿਜਲੀ ਦੇ ਬਿੱਲ ਵਿਚ ਗ਼ਲਤੀਆਂ ਤੇ ਗ਼ਲਤ ਨੰਬਰ ਦੇ ਬਿਜਲੀ ਮੀਟਰ ਲਾਉਣਾ ਆਦਿ ਫੋਰਮ ਦੇ ਧਿਆਨ ਹੇਠ ਲਿਆਂਦੇ ਗਏ । ਇਸੇ ਤਰ੍ਹਾਂ ਸ਼ੁੱਭਦੀਪ ਸਿੰਘ ਬਿੱਟੂ ਨੇ ਦੱਸਿਆ ਕਿ ਗੁਰੂ ਨਾਨਕ ਫੀਡਰ ਹੇਠ ਕੱਚੀ ਮੰਡੀ ਮਲੋਟ ਦਾ ਵੱਡਾ ਹਿੱਸਾ ਆਉਂਦਾ ਹੈ ਤੇ ਕਿਸੇ ਵੀ ਖੰਭੇ ‘ਤੇ ਨੁਕਸ ਪੈਣ ਮੌਕੇ ਪੂਰਾ ਇਲਾਕਾ ਬਿਜਲੀ ਬੰਦ ਹੋਣ ਨਾਲ ਸਜ਼ਾ ਭੁਗਤਦਾ ਹੈ, ਜਿਸ ਕਰਕੇ ਇਸ ‘ਤੇ ਹਰ ਵਾਰਡ ਦਾ ਵੱਖਰਾ ਸਵਿੱਚ ਲਗਾਇਆ ਜਾਵੇ ਤੇ ਪੁਰਾਣੀਆਂ ਤਾਰਾਂ ਬਦਲੀਆਂ ਜਾਣ । ਫੋਰਮ ਵਲੋਂ ਬਹੁਤੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੀ ਹੱਲ ਕੀਤਾ ਗਿਆ ਤੇ ਬਾਕੀ ਲਈ ਵੀ ਖਪਤਕਾਰ ਨੂੰ ਅਗਲੀ ਕਾਰਵਾਈ ਸਬੰਧੀ ਦੱਸਿਆ ਗਿਆ । ਇਸ ਮੌਕੇ ਵੱਡੀ ਗਿਣਤੀ ਖਪਤਕਾਰ ਤੇ ਨੁਮਾਇੰਦੇ ਹਾਜ਼ਰ ਸਨ ।

Leave a Reply

Your email address will not be published. Required fields are marked *

Back to top button