ਸੀ.ਜੀ.ਐੱਮ ਕਾਲਜ ਮੋਹਲਾਂ ਵਿਖੇ ਪੰਜ ਕਹਾਣੀਕਾਰਾਂ ਦੀਆਂ ਕਹਾਣੀਆਂ ਤੇ ਵਿਚਾਰ ਚਰਚਾ ਕਰਵਾਈ- ਡਾ. ਢੀਗਰਾ, ਮਾਨਖੇੜਾ, ਗਿੱਲ, ਡਾ. ਦੀਪ ਅਤੇ ਹੋਰ ਚਿੰਤਕ ਅਤੇ ਬੁੱਧੀਜੀਵੀ ਪੁੱਜੇ

ਮਲੋਟ:- ਪੰਜਾਬੀ ਸਾਹਿਤ ਅਕਾਦਮੀ ਅਤੇ ਕਾਮਰੇਡ ਗੁਰਮੀਤ ਮੋਹਲਾਂ ਕਾਲਜ ਪਿੰਡ ਮੋਹਲਾਂ ਵੱਲੋਂ ਪੰਜਵੀਂ ਪੀੜ੍ਹੀ ਦੇ ਨਵੇ ਪੰਜ ਕਹਾਣੀਕਾਰਾਂ ਦੀਆਂ ਕਹਾਣੀਆਂ ਤੇ ਪੰਜ ਆਲੋਚਕਾਂ ਵੱਲੋਂ ਵਿਚਾਰ ਚਰਚਾ ਕੀਤੀ ਗਈ। ਇਸ ਵਿਚਾਰ ਚਰਚਾ ਵਿੱਚ ਮੁੱਖ ਮਹਿਮਾਨ ਵਜੋਂ ਡਾ. ਪਰਮਜੀਤ ਢੀਗਰਾ, ਵਿਸ਼ੇਸ਼ ਮਹਿਮਾਨ ਕਹਾਣੀਕਾਰ ਜਸਪਾਲ ਮਾਨਖੇੜਾ ਅਤੇ ਕੁਲਵੰਤ ਗਿੱਲ ਸ਼ਾਮਿਲ ਹੋਏ। ਡਾ. ਪਰਮਜੀਤ ਢੀਗਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬੀ ਕਹਾਣੀ ਦੇ  ਵਿਸ਼ਵ ਪੱਧਰ  ਹੋਣ ਦੀ ਲੋੜ ਹੈ। ਅੱਜ ਬਹੁਤ ਸਾਰੇ ਮੁਲਕਾਂ ਵਿੱਚ ਰਚੀ ਜਾਣ ਵਾਲੀ ਕਹਾਣੀ ਦਾ ਹੋਰ ਦੇਸ਼ ਦੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਮਿਲ ਜਾਂਦਾ ਹੈ। ਕਾਲਜ ਵਾਇਸ ਪ੍ਰਿੰਸੀਪਲ ਡਾ. ਬਲਜੀਤ ਸਿੰਘ ਗਿੱਲ ਨੇ ਸਭ ਦਾ ਆਇਆ ਕੀਤਾ। ਪਰ ਪੰਜਾਬੀ ਕਹਾਣੀ ਇਸ ਪੱਖੋਂ ਅਜੇ ਤੱਕ ਪੱਛੜੀ ਹੋਈ ਹੈ। ਉਨ੍ਹਾਂ ਪੰਜਾਬੀਆਂ  ਵੱਲੋਂ ਕਿਤਾਬਾਂ ਨੂੰ ਆਪਣੇ ਤੋਂ ਦੂਰ ਕਰਨ ਤੇ ਚਿੰਤਾ ਜਾਹਿਰ ਕੀਤੀ। ਪ੍ਰਸਿੱਧ ਕਹਾਣੀਕਾਰ ਜਸਪਾਲ ਮਾਨਖੇੜਾ ਕਿਹਾ ਕਿ ਪੰਜਾਂ ਕਹਾਣੀਆਂ ਵਿੱਚੋਂ ਦੋ ਦਾ ਵਿਸ਼ਾ ਮਨੁੱਖੀ ਕਿਰਤ ਨਾਲ ਜੁੜਿਆ ਹੋਇਆ ਹੈ ਅਤੇ ਤਿੰਨ ਔਰਤ ਕਹਾਣੀਕਾਰਾਂ ਨੇ ਆਪਣੀ ਰਚਨਾ ਵਿੱਚ ਨਾਰੀ ਦੁਖਾਂਤ ਨੂੰ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਸਾਹਮਣੇ ਜੋ ਵਿਸੰਗਤੀਆਂ ਹਨ, ਉਨ੍ਹਾਂ ਤੇ ਵੀ ਪੰਜਵੀਂ ਪੀੜ੍ਹੀ ਦੇ ਕਹਾਣੀਕਾਰਾਂ ਨੂੰ ਲਿਖਣ ਦੀ ਲੋੜ ਹੈ। ਕਹਾਣੀਕਾਰ ਕੁਲਵੰਤ ਗਿੱਲ ਨੇ ਕਹਾਣੀਕਾਰਾਂ ਨੂੰ ਆਲੋਚਕਾਂ ਦੀ ਰੁਚੀ ਨੂੰ ਛੱਡ ਪਾਠਕਾਂ ਦੀ ਰੁਚੀ ਨੂੰ ਧਿਆਨ ਵਿੱਚ ਰੱਖਦੇ ਹੋਏ ਗਲਤ ਰਚਨਾ ਕੀਤੇ ਜਾਣ ਲਈ ਕਿਹਾ। ਪੰਜਾਬੀ ਸਾਹਿਤ ਅਕਾਦਮੀ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਅਕਾਦਮੀ ਵੱਲੋਂ ਹਰ ਵਿਧਾ ਅਤੇ ਹਰ ਖੇਤਰ ਵਿੱਚ ਅਜਿਹੇ ਸਮਾਗਮਾਂ ਦੀ ਲੜੀ ਕਰਵਾਈ ਜਾ ਰਹੀ ਹੈ ਤਾਂ ਜੋ ਨਵੀ ਪੀੜ੍ਹੀ ‘ਚੋਂ ਚਿੰਤਨ ਦੇ ਬੀਜ ਪਛਾਣੇ ਜਾ ਸਕਣ। ਕਲਾਜ ਚੇਅਰਮੈਨ ਸਤਪਾਲ ਮੋਹਲਾਂ ਨੇ ਕਿਹਾ ਕਿ ਸਾਨੂੰ ਸਹਿਤ ਸਿਰਜਣਾ ਲਈ ਅਜਿਹੇ ਪ੍ਰੋਗਰਾਮ ਕਰਾਉਣੇ ਚਾਹੀਦੇ ਹਨ ਅਤੇ ਪੰਜਾਬ ਸਾਹਿਤ ਅਕਾਦਮੀ ਦਾ ਇਹ ਯਤਨ ਬਹੁਤ ਵਧੀਆ ਹੈ।

ਕਹਾਣੀਕਾਰ ਸਿਮਰਨ ਧਾਲੀਵਾਲ ਦੀ ਕਹਾਣੀ ‘ਆ ਆਪਾਂ ਘਰ ਬਣਾਈਏ’ ਤੇ ਆਲੋਚਨਾ ਰੱਖਦੇ ਹੋਏ ਡਾ. ਰਵਿੰਦਰ ਸੰਧੂ ਨੇ ਕਿਹਾ ਕਿ ਕਹਾਣੀਕਾਰ ਇਕ ਸਮਾਜ ਸਿਰਜਣ ਦੀ ਗੱਲ ਕਰ ਰਿਹਾ ਹੈ। ਜਿਸ ਵਿੱਚ ਹੀਣੀ ਧਿਰ ਮਾਨਸਿਕ ਕਸ਼ਟ ਸਹਿੰਦੇ ਹੋਏ ਵੀ ਇਸ ਸਮਾਜ ਸਿਰਜਣਾ ਲਈ ਅੱਗੇ ਵੱਧ ਰਹੀ ਹੈ। ਰਮਨਦੀਪ ਦੀ ਕਹਾਣੀ ‘ਯਹਾ ਅੱਛੀ ਔਰਤ ਨਹੀ ਮਿਲਤੀ’ ਤੇ ਆਲੋਚਨਾ ਪੱਖ ਰੱਖਦੇ ਹੋਏ ਡਾ. ਸੰਤੋਖ ਸੁੱਖੀ ਨੇ ਕਿਹਾ ਕਿ ਕਹਾਣੀਕਾਰਾ ਨੇ ਵੇਸਵਾਗਿਰੀ ਵਿਸ਼ੇ ਨਾਲ ਕਹਾਣੀ ਦੇ ਸੰਬੰਧਿਤ ਹੋਣ ਤੇ ਵੀ ਕਹਾਣੀ ਨੂੰ ਅਸ਼ਲੀਲ ਜਾਂ ਕਾਮੁਕ ਨਹੀ ਬਣਾਇਆ। ਕਹਾਣੀ ਬਿਰਤਾਤ ਰੂਪ ਵਿੱਚ ਕੁਝ ਕਹਿ ਕੇ ਪ੍ਰਸ਼ਨ ਵੀ ਉਠਾਉਦੀ ਹੈ। ਡਾ. ਸਿਮਰਜੀਤ ਕੌਰ ਬਰਾੜ ਸਿੰਮੀ ਦੀ ਕਹਾਣੀ ਵਾਰਸ ਤੇ ਆਲੋਚਕ ਨਿਰੰਜਣ ਬੋਹਾ ਨੇ ਕਿਹਾ ਕਹਾਣੀਕਾਰਾਂ ਨੇ ਸਮਾਜਿਕ ਬਣਤਰ ਨੂੰ ਇਸ ਤਰ੍ਹਾਂ ਢਾਲਿਆ ਹੈ ਔਰਤ ਚਾਹ ਕੇ ਵੀ ਇੱਛਾ ਦੇ ਉਲਟ ਕੁੱਝ ਨਹੀ ਕਰ ਸਕਦੀ। ਜਾਗੀਰਦਾਰੀ ਢਾਂਚੇ ਮਗਰੋਂ  ਪੂੰਜੀਵਾਦੀ ਯੁੱਗ ਵਿੱਚ ਵੀ ਔਰਤ ਲਈ ਵਰਤਾਰਾ ਬਦਲਿਆ ਨਹੀ ਹੈ। ਔਰਤ ਲਈ ਵਰ ਚੁਣਨ ਦੀ ਥਾਂ ਘਰ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ। ਕਹਾਣੀਕਾਰਾ ਸਿੰਮੀਪ੍ਰੀਤ ਕੌਰ ਸਿੰਮੀ ਦੀ  ‘ਝੱਲੀ’ ਕਹਾਣੀ ਤੇ ਆਲੋਚਨਾ ਕਰਦੇ ਹੋਏ ਡਾ. ਕੁਲਵਿੰਦਰ ਸਿੰਘ ਨੇ ਕਿਹਾ ਕਿ ਦਿਮਾਗੀ ਸੰਤੁਲਨ ਪੱਖੋਂ ਊਣੀ ਇਕ ਔਰਤ ਨਾਲ ਬਾਲ ਅਵਸਥਾ ਵਿੱਚ ਉਸ ਦਾ ਸ਼ੋਸ਼ਣ ਕਰਨ  ਵਾਲੇ ਚਾਰ ਦਹਾਕਿਆਂ ਮਗਰੋਂ ਜਦ ਉਸ ਨੂੰ ਕਿਸੇ ਨਿੱਜੀ ਪੀੜ੍ਹਾਂ ਵਿਚੋਂ  ਲੰਘਣਾ ਪੈਂਦਾ ਹੈ ਤਾਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ। ਅਗਾਜਬੀਰ ਦੀ ਕਹਾਣੀ ਤੇਈਆ ਤੇ ਆਲੋਚਨਾ ਰੱਖਦੇ ਹੋਏ ਡਾ. ਸੁਖਰਾਜ ਧਾਲੀਵਾਲ ਨੇ ਕਹਾਣੀ ਨਫਰਤ ਦੇ ਨਾਲ ਨਾਲ ਲਾਲਸਾ ਪੱਖ ਨੂੰ ਪੇਸ਼ ਕਰਦੀ ਹੈ ਅਤੇ ਮੈਂ ਪਾਤਰ ਨਾਲ ਹਮਦਰਦੀ ਵਧਾਉਦੀ ਹੈ। ਸਮੂਹ ਸਟਾਫ ਪ੍ਰੋ. ਸਿੰਮੀਪ੍ਰੀਤ ਕੌਰ, ਪ੍ਰੋ ਰਾਜਵਿੰਦਰ ਕੌਰ, ਪ੍ਰੋ. ਵੀਰਪਾਲ ਕੌਰ, ਪ੍ਰੋ. ਸੁਮਨ ਗਾਂਧੀ, ਪ੍ਰੋ. ਇਸ਼ਾ, ਪ੍ਰੋ. ਨਿਰਮਲ ਕੌਰ, ਪ੍ਰੋ. ਹਰਮੀਤ ਕੌਰ, ਪ੍ਰੋ. ਮਨਜਿੰਦਰ ਸਿੰਘ ਨੇ ਪ੍ਰੋਗਰਾਮ ਵਿੱਚ ਪਹੁੰਚੇ ਹਰ ਇੱਕ ਦਾ ਧੰਨਵਾਦ ਕੀਤਾ। ਇਸ ਮੌਕੇ ਵਿਅੰਗਕਾਰ ਹਰਦੀਪ ਢਿੱਲੋਂ ਮੁਰਾਦ ਵਾਲਾ, ਕਾਲਜ ਕਮੇਟੀ ਮੈਂਬਰ ਜਗਤਾਰ ਸਿੰਘ ਬਰਾੜ, ਨਵਜੀਤ ਮੋਹਲਾਂ, ਰਾਜ ਕੁਮਾਰ ਸ਼ਰਮਾ, ਜਸਪਾਲ ਸਿੰਘ ਸੰਧੂ, ਉਭਰਤੀ ਕਵਿਤਰੀ ਭੁਪਿੰਦਰ ਸੰਧੂ, ਮਾਸਟਰ ਹਿੰਮਤ ਸਿੰਘ ਅਤੇ ਹੋਰ ਵੀ ਹਾਜਿਰ ਸਨ।