ਗੁ. ਚਰਨ ਕਮਲ ਵਿਖੇ ਚੌਥੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਮਨਾਇਆ
ਮਲੋਟ (ਆਰਤੀ ਕਮਲ):- ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਸਾਹਿਬ ਦਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਮੌਕੇ ਰਾਗੀ ਢਾਡੀ ਜੱਥਿਆਂ ਵੱਲੋਂ ਗੁਰਬਾਣੀ ਅਤੇ ਸਿੱਖ ਇਤਹਾਸ ਨਾਲ ਸੰਗਤਾ ਨੂੰ ਨਿਹਾਲ ਕੀਤਾ ਗਿਆ । ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਰਾਮਦਾਸ ਪਾਤਸ਼ਾਹ ਦੇ ਜੀਵਣ ਦੀ ਕਈ ਸਾਖੀਆਂ ਸੁਣਾ ਕਿ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ । ਉਹਨਾਂ ਸੰਗਤਾਂ ਨੂੰ ਗੁਰੂ ਰਾਮਦਾਸ ਸਾਹਿਬ ਵੱਲੋਂ ਵਸਾਏ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਅਤੇ ਬਾਣੀ ਦੀ ਮਹੱਤਤਾ ਦੱਸਦਿਆਂ ਨੌਜਵਾਨਾਂ ਨੂੰ ਬਾਣੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ । ਉਹਨਾਂ ਦੱਸਿਆ ਕਿ ਆਦਿ ਗਰੰਥ ਦੀ ਸੰਪੂਰਨਤਾ ਉਪਰੰਤ ਗੁਰੂ ਰਾਮਦਾਸ ਸਾਹਿਬ ਗੁਰਬਾਣੀ ਨੂੰ ਪੂਰਾ ਮਾਨ ਸਨਮਾਨ ਦਿੰਦੇ ਸਨ ਅਤੇ ਆਪਣਾ ਆਸਨ ਵੀ ਆਦਿ ਗਰੰਥ ਤੋਂ ਥੱਲੇ ਰੱਖਦੇ ਸਨ । ਇਸ ਮੌਕੇ ਬਾਬਾ ਬਲਜੀਤ ਸਿੰਘ ਨੇ ਸੰਗਤ ਨੂੰ ਇਹ ਵੀ ਦੱਸਿਆ ਕਿ ਬਾਬਾ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰ ਰਾਸ਼ਟਰੀ ਨਗਰ ਕੀਰਤਨ 16 ਅਕਤੂਬਰ ਨੂੰ ਮਲੋਟ ਵਿਖੇ ਪੁੱਜ ਰਿਹਾ ਹੈ ਅਤੇ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕਰਦਿਆਂ ਨਗਰ ਕੀਰਤਨ ਵਿਚ ਸ਼ਾਮਿਲ ਸੰਗਤਾਂ ਲਈ ਅਤੁੱਟ ਲੰਗਰ ਲਗਾਏ ਜਾਣਗੇ । ਇਸੇ ਤਰਾਂ ਮਲੋਟ ਦੀਆਂ ਸਮੂਹ ਸੰਗਤਾਂ ਵੱਲੋਂ ਸਾਂਝੇ ਤੌਰ ਤੇ 8, 9 ਅਤੇ 10 ਨਵੰਬਰ ਨੂੰ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਜਾਣਗੇ । ਐਤਵਾਰ ਦੇ ਸਮਾਗਮ ਤੋਂ ਪਹਿਲਾਂ ਸੰਗਤ ਵੱਲੋਂ ਗੁਰੂਘਰ ਵਿਖੇ ਬਣ ਰਹੇ ਮੁੱਖ ਦਰਬਾਰ ਹਾਲ ਦੇ ਬਾਹਰ ਸ਼ੈਡ ਦੇ ਲੈਂਟਰ ਦੀ ਕਾਰਸੇਵਾ ਵੀ ਕੀਤੀ ਗਈ ।