ਤਹਿਸੀਲਦਾਰ ਵੱਲੋਂ ਪ੍ਰੇਰਿਤ ਕਰਨ ’ਤੇ ਕਿਸਾਨ ਨੇ ਆਪਣੇ ਖੇਤ ’ਚ ਮੌਕੇ ’ਤੇ ਬੁਝਾਈ ਅੱਗ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾ. ਰੂਹੀ ਦੁੱਗ, ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਿਸ ਦੌਰਾਨ ਜਿਲ੍ਹੇ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਪਿੰਡਾਂ ਦੇ ਦੌਰੇ ਕੀਤੇ ਜਾ ਰਹੇ ਹਨ। ਇਨ੍ਹਾਂ ਦੌਰਿਆ ਦੌਰਾਨ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦਾ ਸੁਚੱਜਾ ਪ੍ਰਬੰਧਨ ਕੀਤਾ ਜਾਵੇ। ਜੇਕਰ ਇਸ ਦੌਰਾਨ ਕੋਈ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਂਦਾ ਪਾਇਆ ਜਾਂਦਾ ਹੈ ਤਾਂ ਮੌਕੇ ’ਤੇ ਹੀ ਉਸਨੂੰ ਅੱਗ ਬੁਝਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਮੌਕੇ ’ਤੇ ਹੀ ਪਰਾਲੀ ਨੂੰ ਲੱਗੀ ਅੱਗ ਬੁਝਾਈ ਜਾਂਦੀ ਹੈ।
ਇਸੇ ਲੜੀ ਤਹਿਤ ਅੱਜ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਚੜ੍ਹੇਵਾਨ ਵਿਖੇ ਤਹਿਸੀਲਦਾਰ ਸ. ਸੁਖਬੀਰ ਸਿੰਘ ਬਰਾੜ ਵੱਲੋਂ ਕੀਤੇ ਪਿੰਡ ਦੇ ਦੌਰੇ ਦੌਰਾਨ ਕਿਸਾਨ ਵੱਲੋਂ ਖੇਤ ਵਿੱਚ ਪਰਾਲੀ ਦੀ ਰਹਿਦ-ਖੂੰਹਦ ਨੂੰ ਲਗਾਈ ਜਾ ਰਹੀ ਅੱਗ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਣੂੰ ਕਰਵਾਇਆ ਅਤੇ ਮੌਕੇ ’ਤੇ ਹੀ ਅੱਗ ਬੁਝਾਈ ਗਈ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਅਤੇ ਉੱਚਿਤ ਤਰੀਕੇ ਨਾਲ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਸਰਕਾਰ ਵੱਲੋਂ ਵੱਡੇ ਪੱਧਰ ਤੇ ਮਸ਼ੀਨਾਂ ਉਪਲਬੱਧ ਕਰਵਾਈਆਂ ਗਈਆਂ ਹਨ ਅਤੇ ਇਸ ਸੰਬੰਧੀ ਕਿਸਾਨ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰਕੇ ਉਪਲੱਬਧ ਮਸ਼ੀਨਾਂ ਦੀ ਜਾਣਕਾਰੀ ਲੈ ਸਕਦੇ ਹਨ। Author: Malout Live