ਮਲੋਟ ਮਾਰਕੀਟ ਕਮੇਟੀ ਦੀ ਚੇਅਰਮੈਨੀ ਲਈ ਵਕੀਲ ਜਸਪਾਲ ਔਲਖ ਦੀ ਮਜਬੂਤ ਦਾਅਵੇਦਾਰੀ
ਮਲੋਟ(ਆਰਤੀ ਕਮਲ) :- ਪੰਜਾਬ ਭਰ ਅੰਦਰ ਬਹੁਤੀਆਂ ਮਾਰਕੀਟ ਕਮੇਟੀਆਂ ਲਈ ਸੱਤਾਧਾਰੀ ਪਾਰਟੀ ਵੱਲੋਂ ਚੇਅਰਮੈਨ ਨਿਯੁਕਤ ਕਰ ਦਿੱਤੇ ਗਏ ਹਨ ਪਰ ਮਾਰਕੀਟ ਕਮੇਟੀ ਮਲੋਟ ਲਈ ਹਾਲੇ ਰੇੜਕਾ ਚਲ ਰਿਹਾ ਹੈ । ਜਿਸਦਾ ਮੁੱਖ ਕਾਰਨ ਦਾਅਵੇਦਾਰ ਜਿਆਦਾ ਹੋਣ ਕਾਰਨ ਪਾਰਟੀ ਹਾਈਕਮਾਨ ਵੱਲੋਂ ਫੈਸਲਾ ਲੈਣਾ ਮੁਸ਼ਕਲ ਹੋ ਰਿਹਾ ਹੈ । ਵੱਖ ਵੱਖ ਦਾਅਵੇਦਾਰੀਆਂ ਦੇ ਦੌਰਾਨ ਮਲੋਟ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਕੀਲ ਜਸਪਾਲ ਸਿੰਘ ਔਲਖ ਦੇ ਨਾਮ ਤੇ ਮੋਹਰ ਲੱਗ ਸਕਦੀ ਹੈ ।
ਵਕੀਲ ਜਸਪਾਲ ਔਲਖ ਵਕਾਲਤ ਦੇ ਨਾਲ ਨਾਲ ਆੜਤੀਆ ਫਰਮ ਵਜੋਂ ਵੀ ਕੰਮ ਕਰਦੇ ਹਨ ਅਤੇ ਉੱਘੇ ਸਮਾਜ ਸੇਵੀ ਵੀ ਹਨ । ਮਲੋਟ ਸ਼ਹਿਰ ਅਤੇ ਇਲਾਕੇ ਵਿਚ ਚੰਗਾ ਅਧਾਰ ਹੋਣ ਦੇ ਨਾਲ ਨਾਲ ਟਕਸਾਲੀ ਕਾਂਗਰਸੀ ਵਜੋਂ ਪਾਰਟੀ ਨਾਲ ਜੁੜੇ ਹੋਏ ਹਨ । ਮਲੋਟ ਦੇ ਵਿਧਾਇਕ ਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨਾਲ ਵੀ ਉਹਨਾਂ ਦੇ ਰਿਸ਼ਤੇ ਕਾਫੀ ਗੂੜ•ੇ ਹਨ । ਇਹਨਾਂ ਸਾਰੀਆਂ ਗੱਲਾਂ ਦੀ ਪੁਸ਼ਟੀ ਕਰਦੇ ਹੋਏ ਵਕੀਲ ਜਸਪਾਲ ਔਲਖ ਨੇ ਅੱਜ ਕਿਹਾ ਕਿ ਹਾਲਾਂ ਕਿ ਉਹ ਅਹੁਦੇਦਾਰੀਆਂ ਦੀ ਝਾਕ ਵਿਚ ਵਿਸ਼ਵਾਸ਼ ਨਹੀ ਰੱਖਦੇ ਪਰ ਉਹਨਾਂ ਦੇ ਨਾਲ ਵੱਡੀ ਗਿਣਤੀ ਵਰਕਰ ਜੁੜੇ ਹੋਏ ਹਨ ਤੇ ਇਹ ਵਰਕਰ ਹੁਣ ਉਹਨਾਂ ਤੋਂ ਉਮੀਦ ਰੱਖਦੇ ਹਨ । ਉਹਨਾਂ ਕਿਹਾ ਕਿ ਅਗਰ ਪਾਰਟੀ ਉਹਨਾਂ ਨੂੰ ਇਸ ਅਹੁਦੇ ਨਾਲ ਨਿਵਾਜਦੀ ਹੈ ਤਾਂ ਜਿਥੇ ਉਹਨਾਂ ਨਾਲ ਜੁੜੇ ਵੱਡੀ ਗਿਣਤੀ ਵਰਕਰਾਂ ਦਾ ਜੋਸ਼ ਵਧੇਗਾ ਉਥੇ ਉਹ ਪਾਰਟੀ ਨੂੰ ਵੀ ਹੋਰ ਮਜਬੂਤ ਕਰਨ ਲਈ ਕੰਮ ਕਰ ਸਕਣਗੇ । ਵਕੀਲ ਔਲਖ ਨੇ ਕਿਹਾ ਕਿ ਮਾਰਕੀਟ ਕਮੇਟੀ ਦੀ ਚੇਅਰਮੈਨੀ ਪਿੰਡਾਂ ਦੀ ਕਿਰਸਾਨੀ ਨਾਲ ਸਿੱਧੇ ਤੌਰ ਤੇ ਜੁੜੀ ਹੁੰਦੀ ਹੈ ਅਤੇ ਕਿਸਾਨ ਨੂੰ ਨਾਲ ਲੈ ਕੇ ਹੀ ਕੋਈ ਪਾਰਟੀ ਮਜਬੂਤ ਹੋ ਸਕਦੀ ਹੈ । ਬਾਕੀ ਦਾਅਵੇਦਾਰਾਂ ਵਾਂਗ ਉਮੀਦ ਜਸਪਾਲ ਔਲਖ ਨੂੰ ਵੀ ਪੂਰੀ ਹੈ ਬਾਕੀ ਦੇਖੋ ਹਾਈਕਮਾਂਡ ਦੀ ਪਰਚੀ ਵਿਚੋਂ ਲਾਟਰੀ ਕਿਸਦੀ ਨਿਕਲਦੀ ਹੈ ।