ਬਿਰਧ ਆਸ਼ਰਮ ਅਤੇ ਬਾਲ ਆਸ਼ਰਮ ਦਾ ਅਚਣਚੇਤ ਦੌਰਾ

ਸ੍ਰੀ ਮੁਕਤਸਰ ਸਾਹਿਬ:- ਮਾਨਯੋਗ ਜਸਟਿਸ ਸ੍ਰੀ ਰਾਕੇਸ਼ ਕੁਮਾਰ ਜੈਨ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ-ਸਹਿਤ-ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਅਤੇ ਮਿਸ. ਰੁਪਿੰਦਰਜੀਤ ਚਾਹਲ, ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਸ੍ਰੀ ਅਰੁਨਵੀਰ ਵਸ਼ਿਸਟ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਦੇ ਸਕੱਤਰ ਸ. ਪ੍ਰਿਤਪਾਲ ਸਿਘ, ਸਿਵਲ ਜੱਜ ਸੀਨੀਅਰ ਡਵੀਜ਼ਨ/ਸੀ.ਜੇ.ਐਮ. ਵੱਲੋਂ ਮਿਤੀ 16.06.2020 ਨੂੰ ਸਥਾਨਕ ਜਲਾਲਾਬਾਦ ਰੋਡ ਸਥਿਤ ਬਿਰਧ ਆਸ਼ਰਮ ਅਤੇ ਉਦੇਕਰਨ ਰੋਡ ਸਥਿਤ ਮਾਨਵਤਾ ਬਾਲ ਆਸ਼ਰਮ ਅਤੇ ਅਡਾਪਸ਼ਨ ਏਜੰਸੀ ਦਾ ਅਚਣਚੇਤ ਦੌਰਾ ਕੀਤਾ ਗਿਆ, ਜਿਸ ਦੌਰਾਨ ਬਜ਼ੁਰਗਾਂ ਅਤੇ ਬੱਚਿਆਂ ਨੂੰ ਸੰਬੰਧਤ ਆਸ਼ਰਮਾਂ ਵੱਲੋਂ ਮਿਲ ਰਹੀਆਂ ਸੁਵਿਧਾਵਾਂ ਦਾ ਨਰੀਖਣ ਕੀਤਾ ਗਿਆ। ਉਨ੍ਹਾਂ ਵੱਲੋਂ ਬਜ਼ੁਰਗਾਂ ਨੂੰ ਕਰੋਨਾ ਮਹਾਂਮਾਰੀ (ਕੋਵਿਡ-19) ਤੋਂ ਬਚਣ ਲਈ ਸਮਾਜਿਕ ਦੂਰੀ ਬਣਾਏ ਰੱਖਣ, ਵਾਰ-ਵਾਰ ਸਾਬਣ ਨਾਲ ਘੱਟੋਂ-ਘੱਟ 20 ਸਕਿੰਟ ਤੱਕ ਹੱਥ ਧੋਣ ਅਤੇ ਮਾਸਕ ਲਗਾ ਕੇ ਰੱਖਣ ਬਾਰੇ ਕਿਹਾ ਗਿਆ ਅਤੇ ਆਸ਼ਰਮ ਦੇ ਮੈਨੇਜਰ ਨੂੰ ਨਿਰਦੇਸ਼ ਦਿੱਤਾ ਗਿਆ ਕਿ ਜਦ ਵੀ ਕੌਈ ਵਿਅਕਤੀ ਬਾਹਰ ਤੋਂ ਆਸ਼ਰਮ ਵਿੱਚ ਆਉਂਦਾ ਹੈ ਤਾਂ ਉਸਦੇ ਹੱਥ ਸਾਬਣ ਨਾਲ ਘੱਟੋਂ-ਘੱਟ 20 ਸਕਿੰਟ ਤੱਕ ਧੋਣਾ ਅਤੇ ਹਰ ਵਕਤ ਮਾਸਕ ਲੱਗਿਆ ਹੋਣਾ ਨਿਸ਼ਚਿਤ ਕੀਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਲਾਕਡਾਊਨ ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਜੇਕਰ ਘਰੇਲੂ ਹਿੰਸਾ, ਕਿਰਾਏਦਾਰਾਂ ਸਬੰਧੀ, ਤਨਖਾਹ ਤੋਂ ਇਨਕਾਰ ਸਬੰਧੀ ਜਾਂ ਹੋਰ ਕੋਈ ਕਾਨੂੰਨੀ ਮਦਦ ਦੇ ਮਸਲੇ ਪੈਦਾ ਹੁੰਦੇ ਹਨ ਤਾਂ ਅਥਾਰਟੀ ਉਸਦੀ ਬਣਦੀ ਕਾਨੂੰਨੀ ਮਦਦ ਕਰਨ ਲਈ ਤਿਆਰ ਰਹੇਗੀ। ਇਸ ਸੰਬੰਧ ਵਿਚ ਪੀੜਤ ਵਿਅਕਤੀ ਟੋਲ ਫ੍ਰੀ ਹੈਲਪਲਾਇਨ ਨੰਬਰ 1968 ਉੱਪਰ ਜਾਂ ਸਿੱਧੇ ਤੌਰ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਨਾਲ ਵੀ ਰਾਬਤਾ ਕਾਇਮ ਕਰ ਸਕਦਾ ਹੈ।