ਗਿੱਦੜਬਾਹਾ ਵਿਖੇ ਦਰਦਨਾਕ ਹਾਦਸਾ ਵਿੱਚ ਮਲੋਟ ਦੇ ਦੋ ਹਲਵਾਈਆਂ ਦੀ ਮੌਤ
ਮਲੋਟ ਤੋਂ ਗਿੱਦੜਬਾਹਾ ਵਿਖੇ ਇੱਕ ਖੁਸ਼ੀ ਦੇ ਸਮਾਗਮ ਲਈ ਮਠਿਆਈਆਂ ਅਤੇ ਨਮਕੀਨ ਬਣਾਉਣ ਜਾ ਰਹੇ ਦੋ ਹਲਵਾਈਆਂ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਜਾਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਮਲੋਟ : ਮਲੋਟ ਤੋਂ ਗਿੱਦੜਬਾਹਾ ਵਿਖੇ ਇੱਕ ਖੁਸ਼ੀ ਦੇ ਸਮਾਗਮ ਲਈ ਮਠਿਆਈਆਂ ਅਤੇ ਨਮਕੀਨ ਬਣਾਉਣ ਜਾ ਰਹੇ ਦੋ ਹਲਵਾਈਆਂ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਜਾਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਅਨੁਸਾਰ ਕਰੀਬ 22 ਸਾਲਾ ਨੌਜਵਾਨ ਰਮਨਦੀਪ (ਵਾਸੀ ਬਰਾੜਾਂ ਵਾਲੀ ਗਲੀ ਮਲੋਟ) ਅਤੇ ਉਸ ਦਾ ਸਾਥੀ ਰਾਜ ਕੁਮਾਰ (ਵਾਸੀ ਏਕਤਾ ਨਗਰ ਗਲੀ ਨੰਬਰ 2 ਮਲੋਟ) ਹਲਵਾਈ ਦਾ ਕੰਮ ਕਰਦੇ ਸਨ। ਸ਼ਨੀਵਾਰ ਰਾਤ ਦੋਵੇਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਗਿੱਦੜਬਾਹਾ ਵਿਖੇ ਇੱਕ ਖੁਸ਼ੀ ਦੇ ਸਮਾਗਮ ਲਈ ਮਠਿਆਈਆਂ ਅਤੇ ਨਮਕੀਨ ਬਣਾਉਣ ਜਾ ਰਹੇ ਸਨ। ਜਦੋਂ ਉਹ ਗਿੱਦੜਬਾਹਾ ਦੇ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੀ ਇੱਕ ਬੇਕਾਬੂ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਕਾਰ ਦੀ ਲਪੇਟ ਵਿੱਚ ਆ ਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਗਿੱਦੜਬਾਹਾ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਰਮਨਦੀਪ ਅਤੇ ਰਾਜ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦਰਦਨਾਕ ਘਟਨਾ ਕਾਰਨ ਪਰਿਵਾਰਿਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਵਿੱਚ ਡੂੰਘੇ ਸੋਗ ਦੀ ਲਹਿਰ ਹੈ। ਮ੍ਰਿਤਕ ਰਮਨਦੀਪ ਦਾ ਅੰਤਿਮ ਸਸਕਾਰ ਬੀਤੇ ਐਤਵਾਰ ਨੂੰ ਕਰ ਦਿੱਤਾ ਗਿਆ, ਜਦਕਿ ਰਾਜ ਕੁਮਾਰ ਦਾ ਅੰਤਿਮ ਸਸਕਾਰ ਅੱਜ ਸਵੇਰੇ 11 ਵਜੇ ਸ਼ਿਵਪੁਰੀ, ਮਲੋਟ ਵਿਖੇ ਕੀਤਾ ਜਾਵੇਗਾ।
Author : Malout Live



