ਵੋਟ ਚੋਰੀ ਦੇ ਖਿਲਾਫ਼ ਚੱਲ ਰਹੀ ਦਸਤਖ਼ਤ ਮੁਹਿੰਮ ਨੂੰ ਮਿਲਿਆ ਲੋਕਾਂ ਦਾ ਸਮਰਥਨ- ਪ੍ਰੋ. ਰੁਪਿੰਦਰ ਕੌਰ ਰੂਬੀ

ਸਾਬਕਾ ਐਮ.ਐਲ.ਏ ਪ੍ਰੋ. ਰੁਪਿੰਦਰ ਕੌਰ ਰੂਬੀ ਨੇ ਪ੍ਰੈੱਸ ਨਾਲ ਗੱਲ ਕਰਦਿਆਂ ਕਿਹਾ ਕਿ ਅੱਜ ਦੇਸ਼ ਦਾ ਸਭ ਤੋਂ ਵੱਡਾ ਖ਼ਤਰਾ ਕਿਸੇ ਬਾਹਰੀ ਤਾਕਤ ਤੋਂ ਨਹੀਂ, ਸਗੋਂ ਉਹਨਾਂ ਲੋਕਾਂ ਤੋਂ ਹੈ ਜੋ ਚੋਣਾਂ ਦੇ ਨਾਮ ’ਤੇ ਵੋਟਾਂ ਦੀ ਲੁੱਟ ਕਰਦੇ ਹਨ ਤੇ ਜਨਤਾ ਦੇ ਮੰਡੇਟ ਨੂੰ ਆਪਣੀ ਜੇਬ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਹਨ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਦੇਸ਼ ਭਰ ਵਿੱਚ ਚੱਲ ਰਹੀ ਵੋਟ ਚੋਰੀ ਦੇ ਖਿਲਾਫ਼ ਦਸਤਖ਼ਤ ਮੁਹਿੰਮ ਦੇ ਤਹਿਤ ਹਲਕਾ ਮਲੋਟ ਵਿੱਚ ਸਥਾਨਕ ਨਾਗਰਿਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲੈ ਕੇ ਬੀ.ਜੇ.ਪੀ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦਾ ਡੱਟ ਕੇ ਵਿਰੋਧ ਕੀਤਾ।  ਸਾਬਕਾ ਐਮ.ਐਲ.ਏ ਪ੍ਰੋ. ਰੁਪਿੰਦਰ ਕੌਰ ਰੂਬੀ ਨੇ ਪ੍ਰੈੱਸ ਨਾਲ ਗੱਲ ਕਰਦਿਆਂ ਕਿਹਾ ਕਿ ਅੱਜ ਦੇਸ਼ ਦਾ ਸਭ ਤੋਂ ਵੱਡਾ ਖ਼ਤਰਾ ਕਿਸੇ ਬਾਹਰੀ ਤਾਕਤ ਤੋਂ ਨਹੀਂ, ਸਗੋਂ ਉਹਨਾਂ ਲੋਕਾਂ ਤੋਂ ਹੈ ਜੋ ਚੋਣਾਂ ਦੇ ਨਾਮ ’ਤੇ ਵੋਟਾਂ ਦੀ ਲੁੱਟ ਕਰਦੇ ਹਨ ਤੇ ਜਨਤਾ ਦੇ ਮੰਡੇਟ ਨੂੰ ਆਪਣੀ ਜੇਬ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਕਿਹਾ ਕਿ ਬੀ.ਜੇ.ਪੀ ਦੀ 'ਵੋਟ ਚੋਰੀ' ਦੀ ਰਾਜਨੀਤੀ ਨੇ ਲੋਕਾਂ ਦਾ ਭਰੋਸਾ ਤੋੜ ਦਿੱਤਾ ਹੈ ਅਤੇ ਦੇਸ਼ ਦੀ ਲੋਕਤੰਤਰਕ ਰੂਹ ਨੂੰ ਝਟਕਾ ਦਿੱਤਾ ਹੈ। ਉਹਨਾਂ ਕਿਹਾ ਕਿ ਮਲੋਟ ਹਲਕੇ ਦੇ ਲੋਕਾਂ ਨੇ ਹਮੇਸ਼ਾ ਨਿਆਂ, ਸੱਚ ਅਤੇ ਇਮਾਨਦਾਰੀ ਦੇ ਪੱਖ ’ਚ ਆਪਣੀ ਆਵਾਜ਼ ਉਠਾਈ ਹੈ। ਪ੍ਰੋ. ਰੂਬੀ ਨੇ ਕਿਹਾ ਕਿ ਬੀ.ਜੇ.ਪੀ ਸਰਕਾਰ ਨੇ ਹਰੇਕ ਖੇਤਰ ਵਿੱਚ ਜਨਤਾ ਨੂੰ ਧੋਖਾ ਦਿੱਤਾ ਹੈ- ਚਾਹੇ ਗੱਲ ਕਿਸਾਨਾਂ ਦੀ ਹੋਵੇ, ਬੇਰੋਜ਼ਗਾਰ ਨੌਜਵਾਨਾਂ ਦੀ ਜਾਂ ਮਹਿਲਾਵਾਂ ਦੀ ਸੁਰੱਖਿਆ ਦੀ।

ਕੇਂਦਰ ਸਰਕਾਰ ਦਾ ਸਾਰਾ ਧਿਆਨ ਸਿਰਫ਼ ਸੱਤਾ ਕਾਇਮ ਰੱਖਣ ਤੇ ਵਿਰੋਧੀਆਂ ਨੂੰ ਚੁੱਪ ਕਰਨ ‘ਤੇ ਕੇਂਦਰਿਤ ਹੈ। ਆਜ਼ਾਦ ਮੀਡੀਆ, ਜੁਡੀਸ਼ਰੀ ਅਤੇ ਸੰਵਿਧਾਨਿਕ ਸੰਸਥਾਵਾਂ ‘ਤੇ ਦਬਾਅ ਬਣਾਇਆ ਜਾ ਰਿਹਾ ਹੈ। ਪਰ ਪੰਜਾਬ ਦੀ ਜਮੀਨ ਤੇ ਜਨਤਾ ਕਦੇ ਡਰਦੀ ਨਹੀਂ-ਇਥੋਂ ਹਮੇਸ਼ਾ ਸੱਚ ਤੇ ਬਗਾਵਤ ਦੀ ਆਵਾਜ਼ ਉੱਠੀ ਹੈ ਅਤੇ ਹੁਣ ਵੀ ਇਹ ਆਵਾਜ਼ ਮਲੋਟ ਤੋਂ ਗੂੰਜ਼ ਰਹੀ ਹੈ। ਪ੍ਰੋ. ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੇ ਲੋਕਤੰਤਰ ਦੀ ਰੱਖਿਆ ਲਈ ਹਰੇਕ ਪੱਧਰ ‘ਤੇ ਲੜਾਈ ਲੜ ਰਹੀ ਹੈ। ਇਹ ਮੁਹਿੰਮ ਜਲਦ ਹੀ ਹਰੇਕ ਗਲੀ, ਹਰੇਕ ਪਿੰਡ ਅਤੇ ਹਰੇਕ ਸ਼ਹਿਰ ਤੱਕ ਪਹੁੰਚੇਗੀ ਤਾਂ ਜੋ ਲੋਕਾਂ ਦੀ ਆਵਾਜ਼ ਕੇਂਦਰ ਤੱਕ ਗੂੰਜੇ। ਲੋਕਤੰਤਰ ਦਾ ਅਸਲੀ ਮਾਲਕ ਜਨਤਾ ਹੈ ਅਤੇ ਜਨਤਾ ਹੁਣ ਜਾਗ ਚੁੱਕੀ ਹੈ। ਇਸ ਮੌਕੇ ਅਸ਼ਵਨੀ ਖੇੜਾ, ਜਗਦੀਸ਼ ਖੇੜਾ, ਜੁਗਰਾਜ ਖੇੜਾ, ਜਸਪਾਲ ਔਲਖ, ਡਾਕਟਰ ਹੰਸਰਾਜ ਕੱਕੜ, ਰਜਿੰਦਰ ਗਾਂਧੀ, ਮਨਿੰਦਰ ਸਿੰਘ, ਸੁਰਜੀਤ ਸਿੰਘ ਔਲਖ, ਭਾਰਤ ਕੋਸ਼ ਕਮਰਾ, ਸੁਭਾਸ਼ ਸਿਡਾਨਾ, ਸੰਨੀ ਗਰੋਵਰ, ਗੁਰਮੇਲ ਸਿੰਘ, ਓਮ ਪ੍ਰਕਾਸ਼ ਗਾਂਧੀ ਆਦਿ ਹਾਜਿਰ ਸਨ।

Author : Malout Live