ਮਲੋਟ ਦੇ ਪ੍ਰਭਜੋਤ ਸਿੰਘ ਨੇ ਸੀਨੀਅਰ ਰਾਸ਼ਟਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਗਮਾ
ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ 8 ਸਤੰਬਰ ਤੋਂ 12 ਸਤੰਬਰ 2026 ਤੱਕ ਹੋਈ ਸੀਨੀਅਰ ਰਾਸ਼ਟਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਮਲੋਟ ਤੋਂ ਖਿਡਾਰੀ ਪ੍ਰਭਜੋਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 94 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ ਹੈ।
ਮਲੋਟ : ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ 8 ਸਤੰਬਰ ਤੋਂ 12 ਸਤੰਬਰ 2026 ਤੱਕ ਹੋਈ ਸੀਨੀਅਰ ਰਾਸ਼ਟਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਮਲੋਟ ਤੋਂ ਖਿਡਾਰੀ ਪ੍ਰਭਜੋਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 94 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ ਹੈ। ਫਾਈਨਲ ਦੇ ਬੇਹੱਦ ਰੋਮਾਂਚਕ ਅਤੇ ਫਸਵੇਂ ਮੁਕਾਬਲੇ ਵਿਚ ਪ੍ਰਭਜੋਤ ਨੇ ਉੜੀਸਾ ਨੂੰ ਕਰਾਰੀ ਹਾਰ ਦੇ ਕੇ ਖ਼ਿਤਾਬ 'ਤੇ ਕਬਜ਼ਾ ਕੀਤਾ। ਇਸ ਇਤਿਹਾਸਿਕ ਜਿੱਤ ਦੇ ਨਾਲ ਹੀ ਪ੍ਰਭਜੋਤ ਸਿੰਘ ਨੇ ਇੰਡੋਨੇਸ਼ੀਆ ਵਿਚ ਹੋਣ ਵਾਲੀ ਏਸ਼ੀਅਨ ਕਿੱਕ ਬਾਕਸਿੰਗ ਚੈਂਪੀਅਨਸ਼ਿਪ 2026 ਵਿਚ ਆਪਣੀ ਥਾਂ ਪੱਕੀ ਕਰ ਲਈ ਹੈ। ਰਾਸ਼ਟਰੀ ਪੱਧਰ 'ਤੇ ਪ੍ਰਭਜੋਤ ਦੀ ਇਸ ਪ੍ਰਾਪਤੀ ਨਾਲ ਖੇਡ ਜਗਤ ਅਤੇ ਮਲੋਟ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ।
ਖੇਡ ਪ੍ਰਬੰਧਕਾਂ ਅਤੇ ਕੋਚਾਂ ਨੇ ਪ੍ਰਭਜੋਤ ਦੀ ਇਸ ਸਫ਼ਲਤਾ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ ਵਧਾਈ ਦਿੱਤੀ। ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਭਜੋਤ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਵੀ ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਦੇਸ਼ ਅਤੇ ਰਾਜ ਦਾ ਨਾਮ ਅੰਤਰਰਾਸ਼ਟਰੀ ਪੱਧਰ 'ਤੇ ਰੌਸ਼ਨ ਕਰੇਗਾ। ਪ੍ਰਭਜੋਤ ਨੇ ਆਪਣੀ ਇਸ ਸਫ਼ਲਤਾ ਦਾ ਸਿਹਰਾ ਆਪਣੇ ਕੋਚ, ਪਰਿਵਾਰ ਅਤੇ ਪ੍ਰਸ਼ੰਸਕਾਂ ਦੀਆਂ ਅਰਦਾਸਾਂ ਨੂੰ ਦਿੱਤਾ ਹੈ। ਪ੍ਰਭਜੋਤ ਸਿੰਘ ਦੀ ਇਸ ਪ੍ਰਾਪਤੀ ਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਲੋਟ ਦੇ ਪ੍ਰਧਾਨ ਹਰਜੀਤ ਸਿੰਘ ਗੁਲਿਆਣੀ, ਸੀਨੀਅਰ ਐਕਸੀਅਨ ਅਮਨਦੀਪ ਸਿੰਘ ਗੁਲਿਆਣੀ, ਸਰਦਾਰ ਦਵਿੰਦਰ ਪਾਲ ਸਿੰਘ ਮੱਕੜ ਅਤੇ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਹੈਪੀ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਪ੍ਰਭਜੋਤ ਸਮੇਤ ਸਮੁੱਚੇ ਪਰਿਵਾਰ ਨੂੰ ਵਧਾਈ ਅਤੇ ਏਸ਼ੀਅਨ ਚੈਂਪੀਅਨਸ਼ਿਪ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
Author : Malout Live



