MIFDA ਦੇ ਯਤਨ ਰੰਗ ਲਿਆਏ- ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਰਵਾਇਆ ਮਸਲਾ ਹੱਲ, ਹੁਕਮ ਜਾਰੀ

ਮਲੋਟ ਇੰਡਸਟਰੀਅਲ ਫੋਕਲ ਪੁਆਇੰਟ ਡਿਵੈਲਪਮੈਂਟ ਐਸੋਸੀਏਸ਼ਨ (MIFDA) ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਐਸੋਸੀਏਸ਼ਨ ਦੇ ਲਗਾਤਾਰ ਯਤਨਾਂ ਅਤੇ ਮਾਣਯੋਗ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਜੀ ਦੇ ਤੁਰੰਤ ਦਖਲ ਨਾਲ ਉਦਯੋਗਪਤੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਪੂਰੀ ਹੋ ਗਈ ਹੈ।

ਮਲੋਟ : ਮਲੋਟ ਇੰਡਸਟਰੀਅਲ ਫੋਕਲ ਪੁਆਇੰਟ ਡਿਵੈਲਪਮੈਂਟ ਐਸੋਸੀਏਸ਼ਨ (MIFDA) ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਐਸੋਸੀਏਸ਼ਨ ਦੇ ਲਗਾਤਾਰ ਯਤਨਾਂ ਅਤੇ ਮਾਣਯੋਗ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਜੀ ਦੇ ਤੁਰੰਤ ਦਖਲ ਨਾਲ ਉਦਯੋਗਪਤੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਪੂਰੀ ਹੋ ਗਈ ਹੈ। ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਮਲੋਟ ਫੋਕਲ ਪੁਆਇੰਟ ਵਿਖੇ PSIEC ਵਿਭਾਗ ਦਾ ਕੋਈ ਵੀ ਅਧਿਕਾਰੀ ਨਾ ਬੈਠਣ ਕਾਰਨ ਸਥਾਨਕ ਉਦਯੋਗਪਤੀਆਂ ਨੂੰ ਆਪਣੇ ਕੰਮਾਂ ਲਈ ਭਟਕਣਾ ਪੈਂਦਾ ਸੀ। ਇਹ ਮੁੱਦਾ ਐਸੋਸੀਏਸ਼ਨ ਵੱਲੋਂ ਮਾਣਯੋਗ ਮੰਤਰੀ ਡਾ. ਬਲਜੀਤ ਕੌਰ ਜੀ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ । ਮੰਤਰੀ ਜੀ ਵੱਲੋਂ ਇਸ ਮਸਲੇ 'ਤੇ ਤੁਰੰਤ ਕਾਰਵਾਈ ਕਰਦਿਆਂ PSIEC ਦੇ ਮੈਨੇਜਿੰਗ ਡਾਇਰੈਕਟਰ ਨੂੰ ਹੁਕਮ ਦਿੱਤੇ ਗਏ। ਜਿਸ ਤੋਂ ਬਾਅਦ PSIEC ਦੇ ਚੀਫ ਇੰਜੀਨੀਅਰ ਵੱਲੋਂ ਲਿਖਤੀ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮ U.O.No./PSIEC/CE/404/3 ਮਿਤੀ 10/11/2026 ਅਨੁਸਾਰ ਮੈਨੇਜਿੰਗ ਡਾਇਰੈਕਟਰ, PSIEC ਦੇ ਹੁਕਮਾਂ ਤਹਿਤ ਪ੍ਰੋਜੈਕਟ ਇੰਜੀਨੀਅਰ-III ਸਬ ਡਵੀਜ਼ਨਲ ਇੰਜੀਨੀਅਰ ਬਠਿੰਡਾ ਅਤੇ ਸੰਬੰਧਿਤ ਜੂਨੀਅਰ ਇੰਜੀਨੀਅਰ ਹਰ ਬੁੱਧਵਾਰ (11.11.2026 ਤੋਂ ਸ਼ੁਰੂ) ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਮਲੋਟ ਫੋਕਲ ਪੁਆਇੰਟ (MIGC Malout) ਵਿਖੇ ਹਾਜ਼ਿਰ ਰਹਿਣਗੇ।

ਹੁਕਮ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹੋਰ ਸਬੰਧਿਤ ਏਜੰਸੀਆਂ ਨੂੰ ਵੀ ਪਹਿਲਾਂ ਸੂਚਿਤ ਕੀਤਾ ਜਾਵੇਗਾ ਤਾਂ ਜੋ ਉਹ ਵੀ ਸਮੇਂ ਸਿਰ ਹਾਜ਼ਰ ਹੋ ਸਕਣ ਅਤੇ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਤੁਰੰਤ ਹੱਲ ਦੀ ਰਿਪੋਰਟ ਨਿਯਮਤ ਤੌਰ 'ਤੇ ਭੇਜੀ ਜਾਵੇਗੀ। ਇਸ ਤੋਂ ਇਲਾਵਾ ਫੋਕਲ ਪੁਆਇੰਟ ਵਿਖੇ ਮੈਡੀਕਲ ਸਹੂਲਤਾਂ ਅਤੇ ਕਲੀਨਿਕ ਖੋਲ੍ਹਣ ਸਬੰਧੀ ਵੀ ਮਾਣਯੋਗ ਮੰਤਰੀ ਜੀ ਵੱਲੋਂ ਜਲਦ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਇਸ ਮਹੱਤਵਪੂਰਨ ਪ੍ਰਾਪਤੀ ਲਈ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਆਦਰਸ਼ ਜੈਨ, ਵਾਈਸ ਪ੍ਰਧਾਨ ਸ਼੍ਰੀ ਅਰਵਿੰਦ (ਹੈਪੀ) ਸ਼ਰਮਾ ਅਤੇ ਜਨਰਲ ਸਕੱਤਰ ਸ਼੍ਰੀ ਨਿਸ਼ਾਂਤ ਮਿੱਤਲ ਦੀ ਮਿਹਨਤ ਅਤੇ ਨਿਰੰਤਰ ਯਤਨਾਂ ਦੀ ਵਿਸ਼ੇਸ਼ ਸ਼ਲਾਘਾ ਕੀਤੀ ਗਈ। MIFDA ਦੇ ਸਮੂਹ ਮੈਂਬਰਾਂ ਨੇ ਮਾਣਯੋਗ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸੇ ਤਰ੍ਹਾਂ ਫੋਕਲ ਪੁਆਇੰਟ ਦੇ ਹੋਰ ਲੰਬਿਤ ਮਸਲੇ ਵੀ ਜਲਦ ਹੱਲ ਹੋਣਗੇ।

Author : Malout Live