ਸਿਹਤ ਵਿਭਾਗ ਵੱਲੋਂ ਠੰਡ ਦੇ ਮੌਸਮ ਵਿੱਚ ਸਾਵਧਾਨੀਆਂ ਵਰਤਣ ਦੀ ਆਪੀਲ – ਪੜੋ ਪੂਰੀ ਖਬਰ
ਸਿਹਤ ਵਿਭਾਗ ਵੱਲੋਂ ਠੰਡ ਦੇ ਮੌਸਮ ਦੌਰਾਨ ਬਿਮਾਰ ਹੋਣ ਤੋਂ ਬਚਣ ਲਈ ਜ਼ਿਲ੍ਹਾ ਵਾਸੀਆਂ ਲਈ ਸੁਝਾਅ ਦਿੱਤੇ ਗਏ ਹਨ। ਇਸ ਸਬੰਧੀ ਡਾ. ਰਾਜ ਕੁਮਾਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਠੰਢ ਪੈਣੀ ਸ਼ੁਰੂ ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ’ਚ ਹੋਰ ਵੀ ਜਿਆਦਾ ਠੰਡ ਵਧ ਸਕਦੀ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) :
ਉਨ੍ਹਾਂ ਕਿਹਾ ਜੇਕਰ ਸਰੀਰ ਦਾ ਤਾਪਮਾਨ ਘੱਟ ਜਾਵੇ ਅਤੇ ਨਾ ਰੁਕਣ ਵਾਲੀ ਕੰਬਣੀ, ਯਾਦਾਸ਼ਤ ਚਲੇ ਜਾਣਾ, ਬੇਹੋਸ਼ੀ, ਹੱਥਾਂ ਦੀਆਂ ਉਂਗਲਾਂ ਦਾ ਨੀਲਾ ਪੈਣਾ, ਜੁਬਾਨ ਦਾ ਲੜਖੜਾਉਣਾ ਜਾਂ ਫਲੂ, ਸਰਦੀ, ਖੰਘ, ਜੁਕਾਮ ਆਦਿ ਲੱਛਣ ਦਿਸਣ ਤਾਂ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਡਾ. ਸਰਬਜੀਤ ਸਿੰਘ ਸਹਾਇਕ ਸਿਵਲ ਸਰਜਨ ਨੇ ਕਿਹਾ ਕਿ ਸਾਰੇ ਸਰਕਾਰੀ ਹਸਪਤਾਲਾਂ ’ਚ ਬਜੁਰਗਾਂ ਲਈ ਖਾਸ ਪ੍ਰਬੰਧ ਕੀਤੇ ਗਏ ਹਨ, ਬਜੁਰਗਾਂ ਦੀ ਓਪੀਡੀ ਪਰਚੀ ਪਹਿਲ ਦੇ ਅਧਾਰ ਤੇ ਕੱਟੀ ਜਾਂਦੀ ਹੈ ਅਤੇ ਡਾਕਟਰਾਂ ਵੱਲੋਂ ਵੀ ਬਜੁਰਗਾਂ ਦਾ ਪਹਿਲ ਦੇ ਅਧਾਰ ਤੇ ਚੈੱਕਅੱਪ ਕਰਕੇ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲੋੜੀਂਦੀਆਂ ਜ਼ਰੂਰੀ ਦਵਾਈਆਂ ਅਤੇ ਸਾਜੋ ਸਮਾਨ ਸਾਰੇ ਸਰਕਾਰੀ ਹਸਪਤਾਲਾਂ ’ਚ ਉਪਲਬਧ ਹੈ। ਇਸ ਸਮੇਂ ਸੁਖਮੰਦਰ ਸਿੰਘ ਬਰਾੜ ਜ਼ਿਲ੍ਹਾ ਮਾਸ ਮੀਡੀਆ ਅਫਸਰ ਨੇ ਦੱਸਿਆ ਕਿ ਠੰਡ ਦੌਰਾਨ ਗਰਮ ਕੱਪੜੇ ਪਾਓ, ਜਿਨ੍ਹਾਂ ਸੰਭਵ ਹੋ ਸਕੇ ਘਰ ’ਚ ਹੀ ਰਹੋ, ਠੰਡਾ ਪਾਣੀ ਨਾ ਪਿਉ, ਯਾਤਰਾ ਤੋਂ ਪ੍ਰਹੇਜ ਕਰੋ, ਆਪਣੇ ਆਪ ਨੂੰ ਸੁੱਕਾ ਰੱਖੋ।ਛਿੱਕਦੇ ਅਤੇ ਖੰਘਦੇ ਸਮੇਂ ਮੂੰਹ ਰੁਮਾਲ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਬਿਨ੍ਹਾਂ ਡਾਕਟਰੀ ਜਾਂਚ ਤੋਂ ਦਵਾਈ ਨਹੀਂ ਲੈਣੀ ਚਾਹੀਦੀ ਹੈ।
Author : Malout Live



