ਨਰਮੇਂ ਦੀ ਫ਼ਸਲ ਦਾ ਰੋਜ਼ਾਨਾ ਸਰਵੇਖਣ ਜ਼ਰੂਰੀ- ਮੁੱਖ ਖੇਤੀਬਾੜੀ ਅਫ਼ਸਰ

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਿੰਡ ਈਨਾਖੇੜਾ, ਕਟੋਰੇਵਾਲਾ ਅਤੇ ਭਗਵਾਨਪੁਰਾ ਦੇ ਵੱਖ-ਵੱਖ ਖੇਤਾਂ ਵਿੱਚ ਨਰਮੇ ਦੀ ਫ਼ਸਲ ਦਾ ਸਰਵੇਖਣ ਕੀਤਾ ਗਿਆ। ਸਰਵੇਖਣ ਦੌਰਾਨ ਚਿੱਟੀ ਮੱਖੀ ਦਾ ਹਮਲਾ ਈ.ਟੀ.ਐਲ ਤੋਂ ਘੱਟ ਪਾਇਆ ਗਿਆ ਅਤੇ ਕਿਸੇ ਵੀ ਖੇਤ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਨਹੀਂ ਮਿਲਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਨਰਮਾ ਪੱਟੀ ਜ਼ਿਲ੍ਹਿਆਂ ਵਿੱਚ ਨਰਮੇਂ/ਕਪਾਹ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਕੀਟ ਸਰਵੇਖਣ ਅਤੇ ਹੋਰ ਗਤੀਵਿਧੀਆਂ ਦੀ ਮੋਨੀਟਰਿੰਗ ਕਰਨ ਲਈ ਗਠਿਤ ਤਿੰਨ ਮੈਂਬਰੀ ਕਮੇਟੀ ਜਿਸ ਵਿੱਚ ਡਾ. ਚਰਨਜੀਤ ਸਿੰਘ ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ), ਸ਼੍ਰੀ ਮੁਕਤਸਰ ਸਾਹਿਬ ਟੀਮ ਇੰਚਾਰਜ਼ ਹਨ, ਡਾ. ਯਾਦਵਿੰਦਰ ਸਿੰਘ ਏ.ਐਮ.ਓ ਫਰੀਦਕੋਟ ਅਤੇ ਡਾ. ਅਮਨ ਕੇਸ਼ਵ ਪੀ.ਡੀ. (ਆਤਮਾ) ਫਰੀਦਕੋਟ ਬਤੌਰ ਮੈਂਬਰ ਹਨ, ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਿੰਡ ਈਨਾਖੇੜਾ, ਕਟੋਰੇਵਾਲਾ ਅਤੇ ਭਗਵਾਨਪੁਰਾ ਦੇ ਵੱਖ-ਵੱਖ ਖੇਤਾਂ ਵਿੱਚ ਨਰਮੇ ਦੀ ਫ਼ਸਲ ਦਾ ਸਰਵੇਖਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਰਵੇਖਣ ਦੌਰਾਨ ਚਿੱਟੀ ਮੱਖੀ ਦਾ ਹਮਲਾ ਈ.ਟੀ.ਐਲ ਤੋਂ ਘੱਟ ਪਾਇਆ ਗਿਆ ਅਤੇ ਕਿਸੇ ਵੀ ਖੇਤ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਨਹੀਂ ਮਿਲਿਆ। ਨਰਮੇਂ ਦੇ ਖੇਤਾਂ ਦਾ ਸਰਵੇਖਣ ਕਰਦਿਆਂ ਡਾ. ਚਰਨਜੀਤ ਸਿੰਘ ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ) ਸ਼੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਕਿ ਨਰਮੇਂ ਦੀ ਫ਼ਸਲ ਦੀ ਮੌਜੂਦਾ ਹਾਲਤ ਚੰਗੀ ਹੈ ਅਤੇ ਇਸ ਉੱਪਰ ਕਿਸੇ ਵੀ ਕੀਟ ਜਾਂ ਬਿਮਾਰੀ ਦਾ ਹਮਲਾ ਆਰਥਿਕ ਕਗਾਰ ਤੋਂ ਘੱਟ ਦੇਖਣ ਨੂੰ ਮਿਲ ਰਿਹਾ ਹੈ।

ਇਸ ਉਪਰੰਤ ਖੇਤੀਬਾੜੀ ਅਧਿਕਾਰੀਆਂ ਨਾਲ ਨਰਮੇਂ ਦੀ ਫ਼ਸਲ ਸੰਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸੰਬੰਧੀ ਮੀਟਿੰਗ ਵੀ ਕੀਤੀ ਗਈ। ਮੀਟਿੰਗ ਦੌਰਾਨ ਡਾ. ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਿਸਾਨਾਂ ਨੂੰ ਪੀ.ਏ.ਯੂ ਲੁਧਿਆਣਾ ਦੀਆਂ ਸਿਫਾਰਸ਼ਾਂ ਅਨੁਸਾਰ ਕੀਟਨਾਸ਼ਕ ਸਪਰੇਆਂ ਦੀ ਸਿਫਾਰਸ਼ ਕੀਤੀ ਜਾ ਰਹੀ ਹੈ। ਇਸ ਸਮੇਂ ਨਰਮੇਂ ਦੀ ਫ਼ਸਲ ਨੂੰ ਯੂਰੀਆ, ਪੋਟਾਸ਼ੀਅਮ ਨਾਈਟ੍ਰੇਟ ਅਤੇ ਮੈਗਨੀਜ਼ ਤੱਤ ਦੇਣੇ ਬਹੁਤ ਜ਼ਰੂਰ ਹਨ। ਮੀਟਿੰਗ ਦੇ ਅੰਤ ਵਿੱਚ ਬਲਾਕ ਖੇਤੀਬਾੜੀ ਅਧਿਕਾਰੀਆਂ ਵੱਲੋਂ ਵੀ ਨਰਮੇਂ ਦੀ ਫ਼ਸਲ ਦੀ ਸੁਚੱਜੀ ਕਾਸ਼ਤ ਸੰਬੰਧੀ ਨੁਕਤਿਆਂ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ। ਅੰਤ ਵਿੱਚ ਡਾ. ਗਿੱਲ ਨੇ ਦੱਸਿਆ ਕਿ ਕਿਸੇ ਵੀ ਸਮੱਸਿਆ ਲਈ ਕਿਸਾਨ ਹੈੱਲਪ ਡੈਸਕ ਨੰਬਰ 98781-66287 ਤੇ ਸੰਪਰਕ ਕਰਨ।

Author : Malout Live