ਸ਼੍ਰੀ ਮੁਕਤਸਰ ਸਾਹਿਬ 'ਚ ਖੁੱਲ੍ਹੇ ਗੋਦਾਮ 'ਤੇ ਹਥਿਆਰਬੰਦ ਲੁਟੇਰਿਆਂ ਨੇ 300 ਕਣਕ ਦੀਆਂ ਬੋਰੀਆਂ ਲੁੱਟੀਆਂ

ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਇੱਕ ਖੁੱਲ੍ਹੇ ਗੋਦਾਮ ’ਤੇ ਹਮਲਾ ਕਰ ਕੇ ਚੌਕੀਦਾਰਾਂ ਨੂੰ ਬੰਧਕ ਬਣਾਉਣ ਅਤੇ ਭਾਰੀ ਮਾਤਰਾ ’ਚ ਕਣਕ ਦੀਆਂ ਬੋਰੀਆਂ ਚੋਰੀ ਕਰਨ ਦੇ ਦੋਸ਼ ਹੇਠ 20-25 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਇੱਕ ਖੁੱਲ੍ਹੇ ਗੋਦਾਮ ਤੇ ਹਮਲਾ ਕਰ ਕੇ ਚੌਕੀਦਾਰਾਂ ਨੂੰ ਬੰਧਕ ਬਣਾਉਣ ਅਤੇ ਭਾਰੀ ਮਾਤਰਾ ਚ ਕਣਕ ਦੀਆਂ ਬੋਰੀਆਂ ਚੋਰੀ ਕਰਨ ਦੇ ਦੋਸ਼ ਹੇਠ 20-25 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਮਾਰਕਫੈੱਡ ਸ਼ਾਖਾ ਸ਼੍ਰੀ ਮੁਕਤਸਰ ਸਾਹਿਬ ਦੇ ਮੈਨੇਜਰ ਹਰਮੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ 24 ਅਤੇ 25 ਜੁਲਾਈ ਦੀ ਦਰਮਿਆਨੀ ਰਾਤ ਕਰੀਬ 1:30 ਵਜੇ ਜਲਾਲਾਬਾਦ ਰੋਡ ਸਥਿਤ ਸ਼ਰਮਾ ਓਪਨ ਗੋਦਾਮ ਚ ਇਹ ਘਟਨਾ ਵਾਪਰੀ। ਹਥਿਆਰਾਂ ਨਾਲ ਲੈਸ ਲਗਭਗ 20-25 ਅਣਪਛਾਤੇ ਵਿਅਕਤੀ ਗੋਦਾਮ ਦਾ ਮੁੱਖ ਗੇਟ ਤੋੜ ਕੇ ਇੱਕ ਕੈਂਟਰ ਸਮੇਤ ਅੰਦਰ ਦਾਖ਼ਲ ਹੋਏ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਗੋਦਾਮ ਚ ਮੌਜੂਦ ਸਾਰੇ ਚੌਕੀਦਾਰਾਂ ਨੂੰ ਹਥਿਆਰਾਂ ਦੇ ਜ਼ੋਰ ਤੇ ਡਰਾਇਆ-ਧਮਕਾਇਆ। ਇਸ ਤੋਂ ਬਾਅਦ ਉਨ੍ਹਾਂ ਦੇ ਹੱਥ ਬੰਨ੍ਹ ਕੇ ਉਨ੍ਹਾਂ ਨੂੰ ਇੱਕ ਕਮਰੇ ਚ ਬੰਦ ਕਰ ਦਿੱਤਾ ਅਤੇ ਉਨ੍ਹਾਂ ਦੇ ਮੋਬਾਈਲ ਫੋਨ ਵੀ ਖੋਹ ਲਏ। ਇਸ ਮਗਰੋਂ ਮੁਲਜ਼ਮਾਂ ਨੇ ਗੋਦਾਮ ਚ ਸਟੋਰ ਕੀਤੀ ਫ਼ਸਲ ਸਾਲ 2026-27 ਦੀ ਕਣਕ ਦੇ ਚੱਕਾ ਨੰਬਰ 10, ਪਲਿੰਥ ਨੰਬਰ 4 ਵਿੱਚੋਂ ਕਰੀਬ 300 ਗੱਟੇ (ਬੋਰੀਆਂ) ਕੈਂਟਰ ਚ ਲੱਦ ਲਈਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਮੈਨੇਜਰ ਦੀ ਸ਼ਿਕਾਇਤ ਦੇ ਆਧਾਰ ਤੇ 20-25 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Author : Malout Live