ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਸ਼ਾਨਦਾਰ ਢੰਗ ਨਾਲ ਆਯੋਜਿਤ
ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਬੜੇ ਹੀ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ। ਇਸ ਵਿਸ਼ੇਸ਼ ਸਮਾਗਮ ਵਿੱਚ ਮਾਣਯੋਗ ਐੱਮ.ਐੱਲ.ਏ ਸਰਦਾਰ ਜਗਦੀਪ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਪ੍ਰਿੰਸੀਪਲ ਪ੍ਰੋ. ਮੰਜੂ ਕਪੂਰ ਦੀ ਸੁਚੱਜੀ ਅਗਵਾਈ ਅਤੇ ਵਾਇਸ ਪ੍ਰਿੰਸੀਪਲ ਪ੍ਰੋ. ਹਰਦਵਿੰਦਰ ਸਿੰਘ ਬਰਾੜ ਦੇ ਯਤਨਾ ਹੇਠ ਸਲਾਨਾ ਇਨਾਮ ਵੰਡ ਸਮਾਰੋਹ ਬੜੇ ਹੀ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ। ਇਸ ਵਿਸ਼ੇਸ਼ ਸਮਾਗਮ ਵਿੱਚ ਮਾਣਯੋਗ ਐੱਮ.ਐੱਲ.ਏ ਸਰਦਾਰ ਜਗਦੀਪ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਪਹੁੰਚਣ ਉਪਰੰਤ ਮੁੱਖ ਮਹਿਮਾਨ ਦਾ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਫੁੱਲਾਂ ਦੇ ਗੁਲਦਸਤੇ ਨਾਲ ਤਹਿ ਦਿਲੋਂ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਸ. ਜਗਦੀਪ ਸਿੰਘ ਬਰਾੜ ਵੱਲੋਂ ਜੋਤ ਪ੍ਰਜਵਲਿਤ ਕਰਕੇ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਰੂਹਾਨੀ ਸ਼ਬਦ ਗਾਇਨ ਨਾਲ ਸਮਾਰੋਹ ਦੀ ਸ਼ੁੱਭ ਸ਼ੁਰੂਆਤ ਹੋਈ। ਸਮਾਰੋਹ ਦੀ ਅਗਵਾਈ ਕਰਦਿਆਂ ਪ੍ਰਿੰਸੀਪਲ ਪ੍ਰੋ. ਮੰਜੂ ਕਪੂਰ ਨੇ 'ਜੀ ਆਇਆ ਸ਼ਬਦ ਰਾਹੀਂ ਮੁੱਖ ਮਹਿਮਾਨ, ਸਨਮਾਨਿਤ ਹਸਤੀਆਂ ਅਤੇ ਵਿਦਿਆਰਥੀਆਂ ਦਾ ਸਨੇਹ ਭਰਿਆ ਸਵਾਗਤ ਕੀਤਾ। ਇਸ ਉਪਰੰਤ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੂੰ ਅਕਾਦਮਿਕ, ਸੱਭਿਆਚਾਰਕ ਅਤੇ ਖੇਡ ਖੇਤਰਾਂ ਵਿੱਚ ਕੀਤੀਆਂ ਗਈਆਂ ਉਲੇਖਣੀ ਪ੍ਰਾਪਤੀਆਂ ਲਈ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਪੋਰਟਸ, ਐੱਨ.ਐੱਸ.ਐੱਸ ਸੱਭਿਆਚਾਰਕ ਅਤੇ ਅਕਾਦਮਿਕ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ 13 ਵਿਦਿਆਰਥੀਆਂ ਨੂੰ ਕਾਲਜ ਕਲਰ ਨਾਲ ਨਿਵਾਜਿਆ ਗਿਆ, ਜੋ ਉਨ੍ਹਾਂ ਦੀ ਮਿਹਨਤ ਅਤੇ ਲਗਨ ਦਾ ਪ੍ਰਤੀਕ ਸੀ। ਸਮਾਰੋਹ ਨੂੰ ਹੋਰ ਵੀ ਰੰਗੀਨ ਬਣਾਉਂਦੇ ਹੋਏ ਵਿਦਿਆਰਥੀਆਂ ਅਲੀਸ਼ਵਾ (ਬੀ.ਏ ਭਾਗ-ਦੂਜਾ), ਜਗਮੀਤ (ਬੀ.ਏ ਭਾਗ-ਦੂਜਾ) ਅਤੇ ਜੋਬਨਪ੍ਰੀਤ ਸਿੰਘ (ਬੀ.ਏ ਭਾਗ-ਪਹਿਲਾ) ਨੇ ਆਪਣੇ ਸੁਰੀਲੇ ਸਾਹਿਤਕ ਗੀਤਾਂ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਮੌਕੇ ਪ੍ਰੋਫੈਸਰ ਗੁਰਬਾਜ ਸਿੰਘ ਵੱਲੋਂ ਕਾਲਜ ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਗਈ। ਸਮਾਰੋਹ ਵਿੱਚ ਅਖਬਾਰਾਂ ਦੇ ਸੰਪਾਦਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਵੀ ਵੱਡੀ ਸੰਖਿਆ ਵਿੱਚ ਹਾਜ਼ਰੀ ਰਹੀ, ਜਿਨ੍ਹਾਂ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਅੰਤ ਵਿੱਚ ਕਾਲਜ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਮੁੱਖ ਮਹਿਮਾਨ ਜਗਦੀਪ ਸਿੰਘ ਬਰਾੜ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਹੋਰ ਸਨਮਾਨਿਤ ਮਹਿਮਾਨਾਂ-ਮਨਜੀਤ ਸਿੰਘ (ਲੌਂਕਚਰਾਰ ਭੂਗੋਲ), ਉਪਕਾਰ ਸਿੰਘ (ਰਿਟਾਇਰਡ ਅਸਿਸਟੈਂਟ ਮੈਨੇਜ਼ਰ, ਸੈਂਟਰਲ ਬੈਂਕ), ਸੁਭਾਸ਼ ਖੰਨਾ, ਤਰਸੇਮ ਸਿੰਘ ਅਤੇ ਮਨੋਜ ਗਰਗ ਨੂੰ ਵੀ ਯਾਦਗਾਰੀ ਚਿੰਨ੍ਹਾਂ ਨਾਲ ਨਿਵਾਜਿਆ ਗਿਆ। ਸਮਾਰੋਹ ਦਾ ਮੰਚ ਸੰਚਾਲਨ ਪ੍ਰੋ. ਦੀਪਇੰਦਰ ਸਿੰਘ ਵੱਲੋਂ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਇਆ ਗਿਆ। ਅੰਤ ਵਿੱਚ ਪ੍ਰਿੰਸੀਪਲ ਪ੍ਰੋ. ਮੰਜੂ ਕਪੂਰ ਨੇ ਧੰਨਵਾਦੀ ਸ਼ਬਦ ਪੇਸ਼ ਕਰਦਿਆਂ ਸਮੂਹ ਮਹਿਮਾਨਾਂ, ਮਾਪਿਆਂ ਅਤੇ ਵਿਦਿਆਰਥੀਆਂ ਦਾ ਹਾਰਦਿਕ ਧੰਨਵਾਦ ਕੀਤਾ ਅਤੇ ਇਸ ਸਫਲ ਆਯੋਜਨ ਲਈ ਸਮੂਹ ਸਟਾਫ਼ ਨੂੰ ਵਧਾਈ ਦਿੱਤੀ।
Author : Malout Live



