ਨਗਰ ਕੌਂਸਲ ਆਮ ਚੋਣਾਂ ਦੀ ਵੋਟਾਂ ਦੀ ਗਿਣਤੀ ਲਈ ਕਾਉਂਟਿੰਗ ਸੈਂਟਰਾਂ 'ਤੇ ਸਾਰੇ ਪ੍ਰਬੰਧ ਮੁਕੰਮਲ- ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ
ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ 26 ਮਈ 2026 ਨੂੰ ਨਗਰ ਕੌਂਸਲ ਸ਼੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿਖੇ ਚੋਣਾਂ ਕਰਵਾਈਆਂ ਗਈਆਂ ਸਨ। ਇਨ੍ਹਾਂ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ 26 ਮਈ 2026 ਨੂੰ ਨਗਰ ਕੌਂਸਲ ਸ਼੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿਖੇ ਚੋਣਾਂ ਕਰਵਾਈਆਂ ਗਈਆਂ ਸਨ। ਇਨ੍ਹਾਂ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਅਮਿਤ ਕੁਮਾਰ ਪੰਚਾਲ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 29 ਮਈ 2026 ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਨਗਰ ਕੌਂਸਲ ਆਮ ਚੋਣਾਂ 2026 ਲਈ ਜ਼ਿਲ੍ਹੇ ਵਿੱਚ ਤਿੰਨ ਕਾਊਂਟਿੰਗ ਸੈਂਟਰ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਸ਼੍ਰੀ ਮੁਕਤਸਰ ਸਾਹਿਬ ਦੀਆਂ ਵੋਟਾਂ ਦੀ ਗਿਣਤੀ ਉਪ ਮੰਡਲ ਮੈਜਿਸਟ੍ਰੇਟ-ਕਮ-ਰਿਟਰਨਿੰਗ ਅਫਸਰ ਸ੍ਰੀ ਮੁਕਤਸਰ ਸਾਹਿਬ ਸ਼੍ਰੀ ਗੁਰਕਿਰਨਦੀਪ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਸਰਕਾਰੀ ਕਾਲਜ, ਕੋਟਕਪੁਰਾ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਜਾਵੇਗੀ।
ਇਸੇ ਤਰ੍ਹਾਂ ਨਗਰ ਕੌਂਸਲ ਮਲੋਟ ਦੀਆਂ ਵੋਟਾਂ ਦੀ ਗਿਣਤੀ ਉਪ ਮੰਡਲ ਮੈਜਿਸਟ੍ਰੇਟ-ਕਮ-ਰਿਟਰਨਿੰਗ ਅਫਸਰ ਮਲੋਟ ਸ਼੍ਰੀ ਪੰਕਜ ਕੁਮਾਰ ਦੀ ਨਿਗਰਾਨੀ ਹੇਠ ਬਲੈਕ ਰੋਜ਼ ਕਲੱਬ, ਸੀ.ਆਰ.ਸੀ ਬਿਲਡਿੰਗ, ਪੁੱਡਾ ਕਲੋਨੀ, ਮਲੋਟ ਵਿਖੇ ਹੋਵੇਗੀ। ਨਗਰ ਕੌਂਸਲ ਗਿੱਦੜਬਾਹਾ ਦੀ ਵੋਟਾਂ ਦੀ ਗਿਣਤੀ ਉਪ ਮੰਡਲ ਮੈਜਿਸਟ੍ਰੇਟ-ਕਮ-ਰਿਟਰਨਿੰਗ ਅਫਸਰ ਗਿੱਦੜਬਾਹਾ ਸ਼੍ਰੀ ਅਰਵਿੰਦਰਪਾਲ ਸਿੰਘ ਦੀ ਨਿਗਰਾਨੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਗਿੱਦੜਬਾਹਾ ਵਿਖੇ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਕਾਉਂਟਿੰਗ ਪ੍ਰਕਿਰਿਆ ਦੀ ਨਿਗਰਾਨੀ ਲਈ ਸਪੈਸ਼ਲ ਚੋਣ ਅਬਜ਼ਰਵਰ ਵੀ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਾਉਂਟਿੰਗ ਸੈਂਟਰਾਂ ਅੰਦਰ ਮੋਬਾਈਲ ਫੋਨ ਲਿਜਾਣ 'ਤੇ ਪੂਰਨ ਪਾਬੰਦੀ ਰਹੇਗੀ। ਉਨ੍ਹਾਂ ਕਿਹਾ ਕਿ ਕਾਉਂਟਿੰਗ ਦੌਰਾਨ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਪੂਰੀ ਪ੍ਰਕਿਰਿਆ ਸ਼ਾਂਤੀਪੂਰਵਕ, ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਸੰਪੰਨ ਹੋ ਸਕੇ।
Author : Malout Live



