ਮੌਸਮ ਵਿਭਾਗ ਵੱਲੋਂ ਅਲਰਟ ਜਾਰੀ, ਮੀਂਹ ਦੇ ਨਾਲ ਅੱਜ ਚੱਲਣਗੀਆਂ ਠੰਡੀਆਂ ਹਵਾਵਾਂ
ਮਲੋਟ (ਪੰਜਾਬ): ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਅੱਜ ਪੰਜਾਬ ਅਤੇ ਚੰਡੀਗੜ੍ਹ 'ਚ ਮੀਂਹ ਅਤੇ ਗੜ੍ਹੇਮਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਿਕ ਅੱਜ 30 ਜਨਵਰੀ ਨੂੰ ਪੰਜਾਬ ਅਤੇ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਮੌਸਮ ਫਿਰ ਤੋਂ ਬਦਲੇਗਾ। ਪੰਜਾਬ ਵਿੱਚ ਅਗਲੇ 48 ਘੰਟੇ ਮੀਂਹ ਪੈਣ ਦੇ ਆਸਾਰ ਹਨ। ਇਸ ਦੇ ਬਾਵਜੂਦ ਘੱਟ ਤੋਂ ਘੱਟ ਤਾਪਮਾਨ ਵਿੱਚ 4 ਤੋਂ 6 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੀ ਸੰਭਾਵਨਾ ਹੈ।
ਉਸ ਤੋਂ ਬਾਅਦ ਅਗਲੇ 24 ਘੰਟੇ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਇਸ ਦੌਰਾਨ ਮੁੜ ਠੰਡ ਵਿੱਚ ਵਾਧਾ ਹੋ ਸਕਦਾ ਹੈ ਤੇ ਘੱਟੋ-ਘੱਟ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਨਿਰਦੇਸ਼ਕ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ 31 ਜਨਵਰੀ ਤੋਂ ਮੌਸਮ ਦੇ ਖੁੱਲ੍ਹਣ ਦੇ ਆਸਾਰ ਹਨ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 31 ਜਨਵਰੀ ਤੋਂ 2 ਫਰਵਰੀ ਤੱਕ ਮੌਸਮ ਸਾਫ਼ ਰਹਿਣ ਦੀ ਉਮੀਦ ਹੈ। Author: Malout Live