District NewsMalout News

ਹਥਿਆਰਬੰਦ ਸੈਨਾ ਝੰਡਾ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਾਈਕਲ ਰੈਲੀ ਦਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਣ ਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਧੂਮ-ਧਾਮ ਨਾਲ ਕੀਤਾ ਸਵਾਗਤ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਹਥਿਆਰਬੰਦ ਸੈਨਾ ਝੰਡਾ ਦਿਵਸ ਨੂੰ ਸਮਰਪਿਤ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਪੰਨੀਵਾਲਾ ਫੱਤਾ ਵਿਖੇ ਪਹੁੰਚਣ ਤੇ ਰਾਜ ਪੱਧਰੀ ਸਾਈਕਲ ਰੈਲੀ ਦਾ ਭਰਵਾਂ ਸਵਾਗਤ ਕੀਤਾ ਗਿਆ। ਇਹ ਰੈਲੀ ਉੜਾਂਗ, ਬਾਂਮ, ਚਿੱਬੜਾਂਵਾਲੀ, ਮਹਾਂਬੱਧਰ, ਰਹੂੜਿਆਂਵਾਲੀ, ਗੋਨਿਆਣਾ ਹੁੰਦੀ ਹੋਈ ਸੈਨਿਕ ਭਲਾਈ ਦਫਤਰ ਬਠਿੰਡਾ ਰੋਡ ਵਿਖੇ ਆਪਣਾ ਠਹਿਰਾ ਲਈ ਪਹੁੰਚੀ। ਜਿੱਥੇ ਜਿਲ੍ਹਾ ਪ੍ਰਸ਼ਾਸਨ ਅਤੇ ਸੈਨਿਕ ਭਲਾਈ ਵਿਭਾਗ, ਸਾਬਕਾ ਫੌਜੀਆਂ ਵੱਲੋਂ ਆਇਆ ਆਖਿਆ ਗਿਆ ਅਤੇ ਫੁੱਲਾਂ ਦੀ ਬਰਖਾ ਕਰਕੇ ਸਵਾਗਤ ਗਿਆ। ਇਸ ਮੌਕੇ ਤੇ ਸੁਖਬੀਰ ਸਿੰਘ ਬਰਾੜ ਤਹਿਸੀਲਦਾਰ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਸ ਰੈਲੀ ਦਾ ਉਦੇਸ਼ ਲੋਕਾਂ ਨੂੰ ਸੈਨਾ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸੈਨਿਕਾਂ ਦਾ ਸਨਮਾਨ ਕਰਨਾ ਬਣਦਾ ਹੈ ਕਿਉਂਕਿ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਸੰਪਤੀ ਵਿੱਚੋਂ ਇੱਕ ਹੁੰਦੇ ਹਨ, ਇਨ੍ਹਾਂ ਦੀਆਂ ਸੇਵਾਵਾਂ ਤੇ ਕੁਰਬਾਨੀਆਂ ਦੇਸ਼ ਦੀ ਰੱਖਿਆ ਵਿੱਚ ਬਹੁਤ ਵੱਡਾ ਯੋਗਦਾਨ ਹਨ।

ਉਹਨਾਂ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਝੰਡਾ ਦਿਵਸ ਨੂੰ ਸਮਰਪਿਤ ਜ਼ਰੂਰਤਮੰਦ ਅਤੇ ਵੀਰ ਨਾਰੀਆਂ ਦੀ ਵੱਧ ਤੋਂ ਵੱਧ ਮੱਦਦ ਕਰਨੀ ਚਾਹੀਦੀ ਹੈ ਤਾਂ ਜੋ ਇਹਨਾਂ ਦੀ ਮਾਲੀ ਸਹਾਇਤਾ ਕੀਤੀ ਜਾ ਸਕੇ। ਉਹਨਾਂ ਦੱਸਿਆ ਕਿ ਇਹ ਸਾਈਕਲ ਰੈਲੀ ਪੰਜਾਬ ਦੇ ਸਾਰੇ ਜਿਲ੍ਹਿਆਂ ਵਿੱਚੋਂ ਹੁੰਦੀ ਹੋਈ 07 ਦਸੰਬਰ 2023 ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਚੰਡੀਗੜ੍ਹ ਵਿਖੇ ਸਮਾਪਤ ਹੋਵੇਗੀ। ਇਸ ਮੌਕੇ ਤੇ ਤਿੰਨ ਸ਼ਹੀਦ ਪਰਿਵਾਰ ਸ਼੍ਰੀਮਤੀ ਜਸਮੇਲ ਕੌਰ ਪਤਨੀ ਸ਼ਹੀਦ ਦਰਸ਼ਨ ਸਿੰਘ (ਸ਼ੌਰਿਆ ਚੱਕਰ), ਸ਼੍ਰੀਮਤੀ ਗੁਰਦੇਵ ਕੌਰ ਪਤਨੀ ਗੁਰਜੀਤ ਸਿੰਘ (ਸ਼ੌਰਿਆ ਚੱਕਰ) ਮਾਤਾ ਸਰਬਜੀਤ ਕੌਰ ਦੇ ਸ਼ਹੀਦ ਸਿਪਾਹੀ ਪ੍ਰਭਜੋਤ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਕਮਾਂਡਰ ਬਲਜਿੰਦਰ ਸਿੰਘ ਵਿਰਕ ਜ਼ਿਲ੍ਹਾ ਸੈਨਿਕ ਭਲਾਈ ਅਫਸਰ ਅਨੁਸਾਰ ਇਹ ਰੈਲੀ 28 ਨਵੰਬਰ ਨੂੰ ਸਵੇਰੇ 7 ਵਜੇ ਫਰੀਦਕੋਟ ਜ਼ਿਲ੍ਹੇ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ। ਇਸ ਮੌਕੇ ਪੀ.ਪੀ.ਐੱਸ ਸੰਧੂ ਓ.ਆਈ.ਸੀ, (ਈ.ਸੀ.ਐੱਸ), ਸੁਪਰਡੈਂਟ ਅਨੂ ਬਾਲਾ, ਜੂਨੀਅਰ ਸਹਾਇਕ ਜਗਦੀਪ ਸਿੰਘ, ਸੈਨਿਕ ਭਲਾਈ ਪ੍ਰਬੰਧਕ ਜਸਵੀਰ ਸਿੰਘ, ਲਾਭ ਸਿੰਘ, ਬਲਜਿੰਦਰ ਸਿੰਘ ਅਤੇ ਦਰਸ਼ਨ ਸਿੰਘ ਵੀ ਮੌਜੂਦ ਸਨ।

Author: Malout Live

Back to top button