ਸਿਹਤ ਵਿਭਾਗ ਵੱਲੋਂ ਵਿਸ਼ਵ ਨਸ਼ਾ ਵਿਰੋਧੀ ਦਿਵਸ ਸੰਬੰਧੀ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ ਸਮਾਗਮ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਿਹਤ ਵਿਭਾਗ ਵੱਲੋਂ ਵਿਸ਼ਵ ਵਿਆਪੀ ਨਸ਼ਾ ਵਿਰੋਧੀ ਦਿਵਸ ਸੰਬੰਧੀ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਮਾਗਮ ਕੀਤਾ ਗਿਆ। ਜਿਸ ਵਿੱਚ ਡਾ. ਰੰਜੂ ਸਿੰਗਲ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ੳੇਨ੍ਹਾਂ ਕਿਹਾ ਕਿ ਹਰ ਸਾਲ 26 ਜੂਨ ਨੂੰ ਵਿਸ਼ਵ ਪੱਧਰ ਤੇ ਨਸ਼ਿਆਂ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ੇ ਦੀ ਅਲਾਮਤ ਨੂੰ ਜੜੋਂ ਖਤਮ ਕਰਨ ਦੇ ਉਦੇਸ਼ ਅਤੇ ਨਸ਼ੇ ਛੁਡਾਉੂ ਪ੍ਰੋਗ੍ਰਾਮ ਨੂੰ ਹੋਰ ਮਜ਼ਬੂਤ ਕਰਦੇ ਹੋਏ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਅਤੇ ਮਲੋਟ ਵਿਖੇ ਨਸ਼ਾ ਛੁਡਾਉ ਕੇਂਦਰ ਸਥਾਪਤ ਕੀਤੇ ਗਏ ਹਨ, ਜਿੱਥੇ ਕਿ ਨਸ਼ਾ ਪੀੜਿਤ ਵਿਅਕਤੀਆਂ ਨੂੰ ਦਾਖਲ ਕਰਕੇ ਮਾਹਿਰ ਡਾਕਟਰਾਂ ਦੀ ਨਿਗਰਾਨੀ ਵਿੱਚ ਬਿਨ੍ਹਾਂ ਤਕਲੀਫ ਤੋਂ ਬਿਲਕੁੱਲ ਮੁਫਤ ਨਸ਼ਾ ਛੁਡਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਟੀਕੇ ਲਾਉਣ ਵਾਲੇ ਵਿਅਕਤੀ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਇਸ ਮੌਕੇ ਡਾ. ਬੰਦਨਾ ਬਾਂਸਲ ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਵਿੱਚ 19 ਓਟ ਸੈਂਟਰ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਜਿਹੜੇ ਨਸ਼ਾ ਰੋਗੀਆਂ ਦੀ ਰਜਿਸ਼ਟ੍ਰੇਸ਼ਨ ਕਿਸੇ ਵੀ ਸੈਂਟਰ ਤੇ ਹੋਈ ਹੈ, ਉਹ ਆਪਣੇ ਨਜ਼ਦੀਕ ਪੈਂਦੇ ਕਿਸੇ ਵੀ ਸੈਂਟਰ ਤੋਂ ਦਵਾਈ ਲੈ ਸਕਦਾ ਹੈ। ਉਹਨਾਂ ਕਿਹਾ ਕਿ ਇਨ੍ਹਾਂ ਓਟ ਸੈਂਟਰਾਂ ਤੇ ਨਸ਼ਾ ਰੋਗੀਆਂ ਨੂੰ 14 ਦਿਨ ਤੱਕ ਦੀ ਮੁਫ਼ਤ ਦਵਾਈ ਦਿੱਤੀ ਜਾਵੇਗੀ ਤਾਂ ਜੋ ਉਹ ਨਸ਼ਾ ਛੱਡਣ ਦੇ ਨਾਲ ਨਾਲ ਆਪਣਾ ਕੰਮ ਕਾਜ ਵੀ ਕਰ ਸਕਣ। ਉਹਨਾਂ ਦੱਸਿਆ ਕਿ ਪਹਿਲੀ ਵਾਰ ਨਸ਼ਾ ਰੋਗੀ ਨੂੰ ਆਪਣੀ ਰਜਿਸ਼ਟ੍ਰੇਸ਼ਨ ਕਰਵਾਉਣ ਲਈ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਜਾਂ ਮਲੋਟ ਵਿਖੇ ਹੀ ਜਾਣਾ ਪਵੇਗਾ। ਉਸ ਤੋਂ ਬਾਅਦ ਉਹ ਨੇੜੇ ਦੇ ਕਿਸੇ ਵੀ ਓਟ ਸੈਂਟਰ ਤੋਂ ਦਵਾਈ ਲੈ ਸਕਦੇ ਹਨ। ਇਸ ਮੌਕੇ ਰਾਹੁਲ ਜਿੰਦਲ ਨਸ਼ਾ ਛੁਡਾਉਣ ਦੇ ਮਾਹਿਰ ਨੇ ਕਿਹਾ ਕਿ ਕੋਈ ਵੀ ਵਿਅਕਤੀ ਕਿੰਨਾਂ ਵੀ ਨਸ਼ਾ ਕਰਦੇ ਹੋਏ ਮਾਹਿਰ ਡਾਕਟਰ ਦੀ ਸਲਾਹ ਨਾਲ ਬਿਨ੍ਹਾਂ ਤਕਲੀਫ ਤੋਂ ਨਸ਼ਾ ਛੱਡ ਸਕਦਾ ਹੈ। ਇਸ ਮੌਕੇ ਡਾ. ਭੁਪਿੰਦਰਜੀਤ ਕੌਰ SMO, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਲਖਵੀਰ ਕੌਰ ਕਾਉਂਸਲਰ ਹਾਜਿਰ ਸਨ। Author: Malout Live