District NewsMalout News

ਡਿਪਟੀ-ਕਮਿਸ਼ਨਰ ਨੇ ਵੱਖ-ਵੱਖ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕੰਮਾਂ ਦਾ ਲਿਆ ਜਾਇਜ਼ਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾ. ਰੂਹੀ ਦੁੱਗ ਡਿਪਟੀ-ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਸਰਕਾਰ ਵੱਲੋਂ ਕਰਵਾਏ ਜਾ ਰਹੇ ਵੱਖ-ਵੱਖ ਕਿਸਮਾਂ ਦੇ ਕੰਮਾਂ ਦਾ ਜਾਇਜ਼ਾ ਲੈਣ ਸੰਬੰਧੀ ਰੀਵਿਊ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਜ਼ਿਲ੍ਹੇ ਦੇ ਬੀ.ਡੀ.ਪੀ.ਓ ਨੂੰ ਹਦਾਇਤ ਦਿੱਤੀ ਕਿ ਜਿਨ੍ਹਾਂ ਟਿਊਟਰਾਂ ਨੇ ਪਿਛਲੇ ਸੈਸ਼ਨ ਦੌਰਾਨ ਲੋੜਵੰਦਾਂ ਸਕੂਲੀ ਵਿਦਿਆਰਥੀਆਂ ਨੂੰ ਰੈਮੀਡੀਅਲ ਕੋਚਿੰਗ ਅਧੀਨ ਸਿਖਲਾਈ ਦਿੱਤੀ ਹੈ ਅਤੇ ਜਿਨ੍ਹਾਂ ਟਿਊਟਰਾਂ ਦਾ ਮਾਨ ਭੱਤਾ ਬਕਾਇਆ ਪਿਆ, ਉਸਦੀ ਜਲਦੀ ਤੋਂ ਜਲਦੀ ਅਦਾਇਗੀ ਕੀਤੀ ਜਾਵੇ। ਉਨ੍ਹਾਂ ਜ਼ਿਲ੍ਹੇ ਦੇ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਜਿਹੜੇ ਵਿਕਾਸ ਦੇ ਕੰਮ ਮੁਕੰਮਲ ਹੋ ਚੁੱਕੇ ਹਨ, ਉਨ੍ਹਾਂ ਦੇ ਵਰਤੋਂ ਸਰਟੀਫਿਕੇਟ ਜ਼ਿਲ੍ਹਾ ਪ੍ਰਸ਼ਾਸਨ ਪਾਸ ਜਮ੍ਹਾਂ ਕਰਵਾਏ ਜਾਣ। ਉਨ੍ਹਾਂ ਇਹ ਵੀ ਹਦਾਇਤ ਦਿੱਤੀ ਕਿ ਵਰਤੋਂ ਸਰਟੀਫਿਕੇਟ ਜਮ੍ਹਾਂ ਨਾ ਕਰਵਾਉਣ ਵਾਲੇ ਅਧਿਕਾਰੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਮੀਟਿੰਗ ਦੌਰਾਨ ਉਨ੍ਹਾਂ ਪੇਂਡੂ ਜਲ-ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਕਰਵਾਏ ਜਾ ਰਹੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ-2 ਅਧੀਨ ਕਰਵਾਏ ਜਾ ਰਹੇ ਕੰਮਾਂ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਸ਼੍ਰੀ ਜਸਵਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ ਪੇਂਡੂ ਜਲ-ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਓ.ਡੀ.ਐੱਫ ਪਲੱਸ ਅਧੀਨ 231 ਪਿੰਡਾਂ ਦੀ ਚੋਣ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਹੁਣ ਤੱਕ 186 ਪਿੰਡਾਂ ਲਈ 202.48 ਲੱਖ ਰੁਪਏ ਦੇ ਫੰਡ ਜ਼ਿਲ੍ਹੇ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨੂੰ ਟਰਾਂਸਫਰ ਕੀਤੇ ਜਾ ਚੁੱਕੇ ਹਨ। ਸੋਲਿਡ ਵੇਸਟ ਮੈਨੇਜਮੈਂਟ ਅਧੀਨ ਹੁਣ ਤੱਕ 70 ਪਿੰਡਾਂ ਵਿੱਚ ਕੰਮ ਮੁਕੰਮਲ ਕਰ ਦਿੱਤਾ ਗਿਆ ਹੈ ਅਤੇ ਓ.ਡੀ.ਐੱਫ ਪਲੱਸ ਘੋਸ਼ਿਤ ਕੀਤਾ ਜਾ ਚੁੱਕਾ ਹੈ।

Author: Malout Live

Back to top button