ਡਿਪਟੀ ਕਮਿਸ਼ਨਰ ਨੇ ਬੇਸਹਾਰਾ ਜਾਨਵਰਾਂ ਦੀ ਸੰਭਾਲ ਤੇ ਅਬਾਦੀ ਨਿਯੰਤਰਨ ਦੀ ਯੋਜਨਾਬੰਦੀ ਲਈ ਕੀਤੀ ਬੈਠਕ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਦੀ ਅਗਵਾਈ ਵਿੱਚ ਇੱਕ ਬੈਠਕ ਹੋਈ, ਜਿਸ ਵਿੱਚ ਬੇਸਹਾਰਾ ਜਾਨਵਰਾਂ ਦੀ ਸੰਭਾਲ ਤੇ ਉਨ੍ਹਾਂ ਦੀ ਅਬਾਦੀ ਕੰਟਰੋਲ ਪ੍ਰੋਗਰਾਮ ਸੰਬੰਧੀ ਚਰਚਾ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਸ਼੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿਖੇ ਜੋ ਬੇਸਹਾਰਾ ਗਾਂਵਾਂ ਹਨ, ਉਨ੍ਹਾਂ ਨੂੰ ਪਿੰਡ ਰੱਤਾ ਟਿੱਬਾ ਵਿੱਚ ਸਥਿਤ ਸਰਕਾਰੀ ਗਊਸ਼ਾਲਾ (ਕੈਟਲਪੌਂਡ) ਵਿੱਚ ਭੇਜਿਆ ਜਾਵੇਗਾ। ਉਨ੍ਹਾਂ ਨੇ ਜਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜਿਸ ਕਿਸੇ ਕੋਲ ਵੀ ਜਾਨਵਰ ਨੂੰ ਸੰਭਾਲਣ ਦੀ ਸਮਰੱਥਾ ਨਾ ਹੋਵੇ ਤਾਂ ਉਹ ਜਾਨਵਰ ਨੂੰ ਸੜਕਾਂ ਤੇ ਅਵਾਰਾ ਛੱਡਣ ਦੀ ਬਜਾਏ ਉਸ ਨੂੰ ਰੱਤਾ ਟਿੱਬਾ ਦੀ ਸਰਕਾਰੀ ਗਊਸ਼ਾਲਾ ਵਿੱਚ ਛੱਡ ਕੇ ਆਵੇ। ਉਨ੍ਹਾਂ ਨੇ ਕਿਹਾ ਕਿ ਬੇਸਹਾਰਾ ਜਾਨਵਰਾਂ ਕਾਰਨ ਬਹੁਤ ਸਾਰੀਆਂ ਦੁਰਘਟਨਾਵਾਂ ਹੋ ਜਾਂਦੀਆਂ ਹਨ ਅਤੇ ਇੰਨ੍ਹਾਂ ਨੂੰ ਰੋਕਣ ਲਈ ਜਰੂਰੀ ਹੈ ਕਿ ਇਸ ਕੰਮ ਵਿੱਚ ਸਮਾਜਿਕ ਭਾਗੀਦਾਰੀ ਹੋਵੇ।
ਇਸੇ ਤਰਾਂ ਜਿਲ੍ਹੇ ਵਿੱਚ ਬੇਸਹਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਵੀ ਚਰਚਾ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਇੱਕ ਸਬ ਕਮੇਟੀ ਬਣਾਉਣ ਦੀ ਹਦਾਇਤ ਕੀਤੀ, ਜਿਸ ਵਿੱਚ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰ ਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਸ਼ਾਮਿਲ ਕੀਤਾ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਨਯਨ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਸੁਖਦੀਪ ਸਿੰਘ ਸਿੱਧੂ, ਡੀ.ਡੀ.ਪੀ.ਓ ਸ਼੍ਰੀ ਸੁਰਿੰਦਰ ਸਿੰਘ ਢਿੱਲੋਂ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸ਼੍ਰੀ ਗੁਰਤੇਜ ਸਿੰਘ, ਕਾਰਜ ਸਾਧਕ ਅਫ਼ਸਰ ਸ਼੍ਰੀ ਰਜਨੀਸ਼ ਗਿਰਧਰ ਅਤੇ ਸ਼੍ਰੀ ਜਗਸੀਰ ਸਿੰਘ ਵੀ ਹਾਜ਼ਿਰ ਸਨ। Author: Malout Live