ਨਿੱਜੀ ਚੈਨਲ ਦੇ ਉੱਭਰ ਰਹੇ ਪੱਤਰਕਾਰ ਅਮਨ ਬਰਾੜ ਵੱਲੋਂ ਖ਼ੁਦਕੁਸ਼ੀ

ਨਿਊਜ਼-18 ਦੇ ਬਹੁਤ ਹੀ ਹੋਣਹਾਰ ਤੇ ਬੇਬਾਕ ਨੌਜਵਾਨ ਪੱਤਰਕਾਰ ਅਮਨ ਬਰਾੜ ਦੀ ਬੇਵਕਤੇ ਮੌਤ ਹੋ ਗਈ। ਅਮਨ ਬਰਾੜ 23 ਸਾਲ ਦਾ ਸੀ। ਇਸ ਨੌਜਵਾਨ ਪੱਤਰਕਾਰ ਦੀ ਬੇਵਕਤੀ ਮੌਤ ਕਾਰਨ ਸਮੁੱਚੇ ਪੱਤਰਕਾਰ ਭਾਈਚਾਰੇ 'ਚ ਸੋਗ ਦੀ ਲਹਿਰ ਦੌੜ ਗਈ। ਅਮਨ ਆਪਣੀ ਮੁਸਕੁਰਾਹਟ ਤੇ ਬੇਬਾਕੀ ਨਾਲ ਵੱਡੇ ਲੀਡਰਾਂ ਦੀ ਇੰਟਰਵਿਊ ਕਰਨ ਕਰ ਕੇ ਅੱਜ ਕੱਲ੍ਹ ਚਰਚਿਤ ਚਿਹਰਾ ਬਣ ਚੁੱਕਾ ਸੀ।   ਪਰ ਜ਼ਿੰਦਗੀ ਦੀ ਲੜਾਈ ਨੂੰ ਅਮਨ ਇੰਨੀ ਜਲਦੀ ਹਾਰ ਜਾਏਗਾ, ਇਹ ਸੁਣ ਕੇ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ। ਅਮਨ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ ਤੇ ਉਹ ਇਸ ਵਕਤ ਚੈਨਲ ਤੋਂ ਛੁੱਟੀ ਲੈ ਆਪਣਾ ਇਲਾਜ ਕਰਾ ਰਿਹਾ ਸੀ। ਜਾਣਕਾਰੀ ਮੁਤਾਬਕ ਪੱਤਰਕਾਰ ਅਮਨ ਬਰਾੜ ਨੇ ਦਿੱਲੀ ਵਿਖੇ ਟ੍ਰੇਨ ਅੱਗੇ ਛਾਲ ਮਾਰ ਕੇ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਲਿਆ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ  ਅਤੇ ਆਮ ਆਦਮੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਵੀ ਅਮਨ ਬਰਾੜ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।